ਧਰਮਕੋਟ ‘ਚ ਰਾਜ ਪੱਧਰੀ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਵੰਡੀਆਂ ਸੰਨਦਾਂ

ਧਰਮਕੋਟ (ਮੋਗਾ) | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੱਲੋਂ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਤੇ ਪੰਜਾਬੀਆਂ ਨਾਲ ਜੋ ਧ੍ਰੋਹ ਕਮਾਏ ਗਏ ਹਨ, ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ।

ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣਾ, ਬੇਅਦਬੀ ਦੀਆਂ ਘਟਨਾਵਾਂ ਸਮੇਤ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰਨ ਵਰਗੇ ਮੁੱਦਿਆਂ ਦਾ ਸੂਬੇ ਦੇ ਲੋਕ ਅਕਾਲੀਆਂ ਕੋਲੋਂ ਜਵਾਬ ਮੰਗਦੇ ਹਨ, ਜਿਸ ਦੀ ਸ਼ੁਰੂਆਤ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਨਾਲ ਹੋ ਗਈ ਹੈ।

ਮੁੱਖ ਮੰਤਰੀ ਅੱਜ ਸਥਾਨਕ ਦਾਣਾ ਮੰਡੀ ਵਿਖੇ ਪੰਜਾਬ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾਂ ਵੰਡਣ ਲਈ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲ਼ੇ ਹੋਏ ਸਨ। ਬੀਬੀ ਹਰਸਿਮਰਤ ਕੌਰ ਬਾਦਲ ਉਸ ਵਜ਼ਾਰਤ ਦਾ ਹਿੱਸਾ ਸੀ, ਜਿਸ ਵਜ਼ਾਰਤ ਨੇ ਇਹ ਕਾਨੂੰਨ ਲਾਗੂ ਕੀਤੇ ਸਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਵਿੱਚ ਹਰੇਕ ਵਰਗ ਦਾ ਯੋਗਦਾਨ ਹੈ। ਇਹ ਦੇਸ਼ ਦੀ ਲੜਾਈ ਸੀ ਜੋ ਕਿ ਪੰਜਾਬ ਦੇ ਬਹਾਦਰ ਕਿਸਾਨਾਂ ਨੇ ਮੂਹਰੇ ਹੋ ਕੇ ਲੜੀ ਹੈ ਅਤੇ ਇਸ ਵਿੱਚ ਮਿਸਾਲੀ ਜਿੱਤ ਹਾਸਲ ਕੀਤੀ ਹੈ।

ਦੂਜੇ ਪਾਸੇ ਉਨ੍ਹਾਂ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦਾ ਪਹਿਲੇ ਦਿਨ ਤੋਂ ਹੀ ਸਿਰੜ ਨਾਲ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਇਹ ਤਿੰਨੋਂ ਕਾਨੂੰਨ ਰੱਦ ਕੀਤੇ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਬੁਲਾ ਕੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ।

ਇਸ ਅੰਦੋਲਨ ਦੌਰਾਨ ਸਾਡੇ ਨਾਲੋਂ ਵਿਛੜ ਕਏ ਕਰੀਬ 750 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਮੌਕੇ 5-5 ਮਰਲੇ ਦੇ ਪਲਾਟ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਨੇ ਸੰਨਦਾਂ ਦੀ ਵੀ ਵੰਡ ਕੀਤੀ।

ਇਸ ਮੌਕੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਸ਼੍ਰੀਮਤੀ ਮਾਲਤੀ ਥਾਪਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡੀ. ਆਈ. ਜੀ. ਸੁਰਜੀਤ ਸਿੰਘ, ਡਿਪਟੀ ਕਮਿਸ਼ਨਰ ਹਰੀਸ਼ ਨਈਅਰ, ਜ਼ਿਲਾ ਪੁਲਿਸ ਮੁਖੀ ਸੁਰਿੰਦਰਪਾਲ ਸਿੰਘ ਮੰਡ, ਜ਼ਿਲਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ, ਜ਼ਿਲਾ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।