ਹਿਮਾਚਲ ਪ੍ਰਦੇਸ਼| ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਮਾਨਸੂਨ ਸ਼ਨੀਵਾਰ ਨੂੰ ਹਿਮਾਚਲ ‘ਚ ਦਾਖਲ ਹੋ ਗਿਆ। ਕਰੀਬ 5 ਘੰਟੇ ਪਏ ਭਾਰੀ ਮੀਂਹ ਕਾਰਨ ਹਰ ਪਾਸੇ ਤਬਾਹੀ ਦਿੱਸੀ। ਸ਼ਿਮਲਾ ਵਿੱਚ ਮੀਂਹ ਨੇ 15 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਮੰਡੀ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੀਆਂ। ਮੰਡੀ ਜ਼ਿਲ੍ਹੇ ਵਿੱਚ ਮੀਂਹ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ‘ਚ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸਵੇਰ ਤੱਕ 5 ਘੰਟੇ ਪਏ ਮੀਂਹ ਨੇ ਜਨਜੀਵਨ ‘ਤੇ ਭਾਰੀ ਅਸਰ ਪਾਇਆ। 15 ਸਾਲਾਂ ਬਾਅਦ ਸ਼ਿਮਲਾ ਸ਼ਹਿਰ ਵਿੱਚ ਜੂਨ ਮਹੀਨੇ ਵਿੱਚ 12 ਘੰਟਿਆਂ ਵਿੱਚ 99 ਮਿਲੀਮੀਟਰ ਮੀਂਹ ਪਿਆ।

ਇਸ ਤੋਂ ਪਹਿਲਾਂ ਸਾਲ 2008 ਵਿੱਚ ਸ਼ਿਮਲਾ ਵਿੱਚ 12 ਘੰਟਿਆਂ ਵਿੱਚ 123 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਕਾਂਗੜਾ ਵਿੱਚ ਵੀ 143 ਮਿਲੀਮੀਟਰ ਮੀਂਹ ਪਿਆ। ਇਹ ਜੂਨ ਮਹੀਨੇ ਦੀ ਇੱਕ ਰਾਤ ਵਿੱਚ ਕਾਂਗੜਾ ਵਿੱਚ ਸਭ ਤੋਂ ਵੱਧ ਬਾਰਸ਼ ਹੈ। ਸਾਲ 2021 ‘ਚ ਜੂਨ ਮਹੀਨੇ ‘ਚ ਕਾਂਗੜਾ ‘ਚ 107 ਮਿਲੀਮੀਟਰ ਬਾਰਿਸ਼ ਦਾ ਰਿਕਾਰਡ ਸੀ।

ਉਧਰ, ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਅਗਲੇ 4 ਦਿਨਾਂ ਲਈ ਯੈਲੋ ਅਲਰਟ (punjab monsoon update) ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਨਾਲ ਹੀ ਭਾਰੀ ਮੀਂਹ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਵਿਚ ਮੌਸਮ ਫਿਰ ਤੋਂ ਕਰਵਟ ਲੈ ਸਕਦਾ ਹੈ। 25, 26 ਅਤੇ 27 ਜੂਨ ਨੂੰ ਗਰਜ ਅਤੇ ਚਮਕ ਨਾਲ ਸਾਰੇ ਪੰਜਾਬ ’ਚ ਮੀਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।