ਲੁਧਿਆਣਾ | ਅੱਜ ਸਥਾਨਕ ਕੋਰਟ ‘ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਇਸ ਧਮਾਕੇ ‘ਚ ਇਕ ਔਰਤ ਸਮੇਤ 2 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਧਮਾਕੇ ‘ਚ ਘੱਟੋ-ਘੱਟ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਦੱਸ ਦੇਈਏ ਕਿ ਧਾਰਮਿਕ ਅਸਥਾਨਾਂ ਨੂੰ ਲੈ ਕੇ ਪਹਿਲਾਂ ਹੀ ਸੁਰੱਖਿਆ ਦਾ ਹਾਈ ਅਲਰਟ ਜਾਰੀ ਹੈ। ਇਸ ਦੇ ਨਾਲ ਹੀ ਜਨਤਕ ਥਾਵਾਂ ‘ਤੇ ਵੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

ਘਟਨਾ ਤੋਂ ਬਾਅਦ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਕੁਝ ਰਾਸ਼ਟਰ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਰ ਰਹੇ ਹਨ। ਸਰਕਾਰ ਚੌਕਸ ਹੈ। ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਐੱਮ ਚੰਨੀ ਦੇ ਨਾਲ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਕੇ ‘ਤੇ ਪਹੁੰਚੇ। ਰੰਧਾਵਾ ਕੋਲ ਗ੍ਰਹਿ ਵਿਭਾਗ ਵੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਦੀ ਤੀਜੀ ਮੰਜ਼ਿਲ ‘ਤੇ 9 ਨੰਬਰ ਅਦਾਲਤ ਦੇ ਕੋਲ ਸਥਿਤ ਇਕ ਵਾਸ਼ਰੂਮ ‘ਚ ਬੰਬ ਧਮਾਕਾ ਹੋਇਆ, ਜਿਸ ‘ਚ 2 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਹਿੱਲ ਗਈ। ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਵੀ ਮੁੱਢਲੀ ਜਾਂਚ ਲਈ ਲੁਧਿਆਣਾ ਅਦਾਲਤ ਜਾ ਰਹੀ ਹੈ। ਜਾਣਕਾਰੀ ਅਨੁਸਾਰ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।