ਮੁੰਬਈ | ਫਿਲਮੀ ਅਦਾਕਾਰਾ ਸ਼ਿਲਪਾ ਸ਼ੈਟੀ ‘ਤੇ ਕਰੋੜਾਂ ਦੀ ਠੱਗੀ ਦੇ ਮਾਮਲੇ ‘ਚ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ‘ਚ ਜੇਲ ਵਿੱਚ ਬੰਦ ਹੈ, ਜਦਕਿ ਸ਼ਿਲਪਾ ਤੇ ਉਸ ਦੀ ਮਾਂ ਸੁਨੰਦਾ ਖਿਲਾਫ ਲਖਨਊ ‘ਚ ਕਰੋੜਾਂ ਦੀ ਠੱਗੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ। ਲਖਨਊ ਤੋਂ ਪੁਲਿਸ ਦੀ ਟੀਮ ਮੁੰਬਈ ਰਵਾਨਾ ਹੋ ਰਹੀ ਹੈ, ਜਿਥੇ ਸ਼ਿਲਪਾ ਸ਼ੈਟੀ ਤੇ ਉਸ ਦੀ ਮਾਂ ਸੁਨੰਦਾ ਤੋਂ ਪੁੱਛਗਿਛ ਕਰੇਗੀ।

ਸ਼ਿਲਪਾ ਅਤੇ ਉਸ ਦੀ ਮਾਂ ‘ਤੇ ਠੱਗੀ ਦਾ ਆਰੋਪ ਲਾ ਕੇ ਲਖਨਊ ਦੇ ਵਪਾਰੀ ਨੇ ਕੇਸ ਦਰਜ ਕਰਵਾਇਆ ਹੈ। ਲਖਨਊ ਦੇ ਹਜ਼ਰਤਗੰਜ ਤੇ ਗੋਮਤੀਨਗਰ ਦੇ ਵਿਭੂਤੀ ਖੰਡ ਥਾਣੇ ‘ਚ ਕੇਸ ਦਰਜ ਹੋਇਆ ਹੈ। ਇਸੇ ਤਹਿਤ ਲਖਨਊ ਦੀ ਪੁਲਿਸ ਟੀਮ ਸੋਮਵਾਰ ਨੂੰ ਮੁੰਬਈ ਰਵਾਨਾ ਹੋਈ। ਲਖਨਊ ਪੁਲਿਸ ਦੀ ਟੀਮ ਇਸ ਕਰੋੜਾਂ ਦੀ ਠੱਗੀ ਦੇ ਮਾਮਲੇ ‘ਚ ਸ਼ਿਲਪਾ ਸ਼ੈਟੀ ਤੇ ਉਸ ਦੀ ਮਾਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

ਸ਼ਿਲਪਾ ਸ਼ੈਟੀ ਫਿਲਮਾਂ ਅਤੇ ਐਡ ਫਿਲਮਾਂ ‘ਚ ਅਦਾਕਾਰੀ ਕਰਨ ਸਮੇਤ ਕਈ ਕਾਰੋਬਾਰ ਵੀ ਚਲਾਉਂਦੀ ਹੈ। ਸ਼ਿਲਪਾ IOSIS ਵੈੱਲਨੈੱਸ ਸੈਂਟਰ ਨਾਂ ਨਾਲ ਇਕ ਫਿਟਨੈੱਸ ਚੇਨ ਚਲਾਉਂਦੀ ਹੈ। ਇਸ ਕੰਪਨੀ ਦੀ ਚੇਅਰਪਰਸਨ ਸ਼ਿਲਪਾ ਸ਼ੈਟੀ ਹੈ ਤੇ ਉਸ ਦੀ ਮਾਂ ਸੁਨੰਦਾ ਡਾਇਰੈਕਟਰ ਹੈ।

ਪੂਰੇ ਦੇਸ਼ ‘ਚ ਲੋਕਾਂ ਤੋਂ ਵੈੱਲਨੈੱਸ ਸੈਂਟਰ ਦੀ ਬ੍ਰਾਂਚ ਖੋਲ੍ਹਣ ਦੇ ਨਾਂ ‘ਤੇ ਸ਼ਿਲਪਾ ਅਤੇ ਉਸ ਦੀ ਮਾਂ ਫਿਕਸ ਡਿਪਾਜ਼ਿਟ ਕਰਵਾ ਰਹੀਆਂ ਹਨ। ਇਸੇ ਲੜੀ ‘ਚ ਲਖਨਊ ਦੇ ਵੀ 2 ਲੋਕਾਂ ਤੋਂ ਕਈ ਕਰੋੜ ਰੁਪਏ ਲਏ ਗਏ ਹਨ। ਲਖਨਊ ਪੁਲਿਸ ਨੇ ਦੋਵਾਂ ਦੀ ਮਾਮਲਿਆਂ ‘ਚ ਜਾਂਚ ਤੇਜ਼ ਕਰ ਦਿੱਤੀ ਹੈ।

ਲਖਨਊ ਪੁਲਿਸ ਦੀ ਟੀਮ ਮੰਗਲਵਾਰ ਸ਼ਾਮ ਨੂੰ ਮੁੰਬਈ ਪਹੁੰਚੇਗੀ, ਜੋ ਸ਼ਿਲਪਾ ਤੇ ਉਸ ਦੀ ਮਾਂ ਤੋਂ ਪੁੱਛਗਿਛ ਕਰੇਗੀ, ਜੇਕਰ ਇਸ ਮਾਮਲੇ ‘ਚ ਦੋਵਾਂ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਗ੍ਰਿਫਤਾਰੀ ਵੀ ਸੰਭਵ ਹੈ।