ਜਲੰਧਰ/ਸ਼ਾਹਕੋਟ/ਫਿਲੌਰ | ਹਿਮਾਚਲ ਵਿਖੇ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਖਦਸ਼ੇ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰ਼ਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਫਿਲੌਰ ਤੋਂ ਲੋਹੀਆਂ ਤੱਕ ਸਤਲੁਜ ਦੇ ਲਗਭਗ 90 ਕਿਲੋਮੀਟਰ ਲੰਬੇ ਖੇਤਰ ਦੇ ਕੰਢੇ ਧੁੱਸੀ ਬੰਨ੍ਹ ਉੱਪਰ ਐਸ ਡੀ ਐਮਜ / ਤਹਿਸੀਲਦਾਰਾਂ ਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੌਰਾ ਕਰਕੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ ।
ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਵਿੱਚ ਸਤਲੁਜ ਦੇ ਕੰਢੇ ਵਸੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਖੜਾ ਡੈਮ ਤੋਂ ਸੀਮਤ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦਾ ਖ਼ਦਸ਼ਾ ਹੈ , ਜਿਸ ਕਰਕੇ ਲੋਕ ਇਹਤਿਆਤ ਦੇ ਤੌਰ ਤੇ ਦਰਿਆ ਵੱਲ ਜਾਣ ਤੋਂ ਗੁਰੇਜ਼ ਕਰਨ ।
ਉਨਾਂ ਕਿਹਾ ਕਿ ਦਰਿਆ ਨੇੜਲੇ ਖੇਤਰਾਂ ਅੰਦਰ ਪੰਚਾਇਤਾਂ ਨੂੰ ਵੀ ਕਿਹਾ ਕਿ ਉਹ ਲੋਕਾਂ ਨੂੰ ਸੁਚੇਤ ਰਹਿਣ ਬਾਰੇ ਜਾਗਰੂਕ ਕਰਨ ਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਦੇ ਟਾਕਰੇ ਲਈ ਤਿਆਰ ਰਹਿਣ ਵਾਸਤੇ ਕਹਿਣ ।
ਉਨਾਂ ਕਿਹਾ ਕਿ ਡਰੇਨਜ ਵਿਭਾਗ 24 ਘੰਟੇ ਬੰਨ੍ਹ ਉੱਪਰ ਗਸ਼ਤ ਯਕੀਨੀ ਬਣਾਵੇ ਤਾਂ ਜੋ ਲੋੜ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾ ਸਕੇ ।
ਅੱਜ ਫਿਲੌਰ ਵਿਖੇ ਐਸ ਡੀ ਐਮ ਅਮਨਪਾਲ ਸਿੰਘ ਤੇ ਸ਼ਾਹਕੋਟ ਦੇ ਐਸ ਡੀ ਐਮ ਰਿਸ਼ਭ ਬਾਂਸਲ ਵੱਲੋਂ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਨੂੰ ਸ਼ੁਰੂ ਕਰਵਾਇਆ ਗਿਆ ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਹਤਿਆਤ ਵਜੋਂ ਪਹਿਲਾਂ ਹੀ ਮਿੱਟੀ ਦੇ ਬੋਰਿਆਂ ਦੇ ਪ੍ਰਬੰਧ ਕੀਤੇ ਜਾਣ ਤੇ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ।