ਫਿਲੌਰ ‘ਚ ਪੱਤਰਕਾਰ ਨੇ ਆਈਸੋਲੇਸ਼ਨ ਵਾਰਡ ਵਿੱਚ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜ਼ ਨਾਲ ਕੀਤੀ ਗੱਲਬਾਤ, ਪ੍ਰਸ਼ਾਸਨ ਨੇ ਫੜ ਕੇ ਘਰ ਛੱਡਿਆ

0
858

ਜਲੰਧਰ . ਕੋਰੋਨਾ ਵਾਇਰਸ ਦੀ ਕਵਰੇਜ ਦੌਰਾਨ ਕਈ ਪੱਤਰਕਾਰਾਂ ਦੇ ਗੈਰ ਜੁੰਮੇਵਾਰਾਨਾ ਤਰੀਕੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਫਿਲੌਰ ਵਿੱਚ ਇੱਕ ਸਥਾਨਕ ਪੱਤਰਕਾਰ ਨੇ ਆਈਸੋਲੇਸ਼ਨ ਵਾਰਡ ‘ਚ ਜਾ ਕੇ ਕੋਰੋਨਾ ਦੇ ਸ਼ੱਕੀ ਮਰੀਜ਼ ਨਾਲ ਗੱਲਬਾਤ ਕੀਤੀ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਪੱਤਰਕਾਰ ਨੂੰ ਫੜ ਕੇ ਉਸ ਦੇ ਘਰ ਪਹੁੰਚਾ ਦਿੱਤਾ ਹੈ।

ਫਿਲੌਰ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਵਿਨੀਤ ਕੁਮਾਰ ਨੇ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਨਾਲ ਪੱਤਰਕਾਰ ਆਪਣੀ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ। ਕੋਰੋਨਾ ਵਾਇਰਸ ਦੀ ਕਵਰੇਜ ਦੌਰਾਨ ਵੀ ਇੱਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਹਨਾਂ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ- ਅਸੀਂ ਔਖੇ ਦੌਰ ਵਿੱਚੋਂ ਲੰਘ ਰਹੇ ਹਾਂ। ਇਸ ਦੌਰਾਨ ਪੱਤਰਕਾਰ ਘਟਨਾਵਾਂ ਦਾ ਵੇਰਵਾ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ ਪਰ ਨਾਲ ਹੀ ਉਹਨਾਂ ਨੂੰ ਆਪਣੀ ਸੁਰੱਖਿਆ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਾਡੇ ਲਈ ਸਾਰਿਆਂ ਦੀ ਜਿੰਦਗੀ ਦੀ ਕੀਮਤ ਬਰਾਬਰ ਹੈ।

ਐਸਡੀਐਮ ਵਿਨੀਤ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਮੁਤਾਬਿਕ ਇਲੈਕਟ੍ਰੋਨਿਕ ਮੀਡੀਆ ਦੇ ਆਡੀਓ ਮਾਇਕ ਨੂੰ ਵੀ ਬਚਾ ਕੇ ਰੱਖਣ ਦੀ ਲੋੜ ਹੈ। ਕਿਸੇ ਇਨਸਾਨ ਦੀ ਆਡੀਓ ਰਿਕਾਰਡਿੰਗ ਵੇਲੇ ਮਾਇਕ ਉਸ ਦੇ ਮੂੰਹ ਦੇ ਬਿਲਕੁਲ ਨਜ਼ਦੀਕ ਰੱਖਣਾ ਪੈਂਦਾ ਹੈ। ਅਜਿਹੇ ਵਿੱਚ ਮਾਇਕ ਉੱਤੇ ਵੀ ਵਾਇਰਸ ਆ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਹੈ ਉਹ ਵਾਇਰਸ ਉਹਨਾਂ ਸਾਰੇ ਲੋਕਾਂ ਤੱਕ ਫੈਲ ਸਕਦਾ ਹੈ ਜਿਹੜੇ ਉਸ ਮਾਇਕ ਨੂੰ ਮੁੜ ਇਸਤੇਮਾਲ ਕਰਣਗੇ। ਇਸ ਲਈ ਮਾਇਕ ਨੂੰ ਵੀ ਬਚਾ ਕੇ ਰੱਖਣ ਦੀ ਲੋੜ ਹੈ।

ਦੂਜੇ ਪਾਸੇ ਸੂਬਾ ਸਰਕਾਰ ਨੇ ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ ਵਿੱਚ ਮੀਡੀਆ ਨੂੰ ਵੀ ਸ਼ਾਮਿਲ ਕਰ ਲਿਆ ਹੈ। ਕਵਰੇਜ ਦੌਰਾਨ ਪੱਤਰਕਾਰਾਂ ਨੂੰ ਲੋਕ ਸੰਪਰਕ ਵਿਭਾਗ ਜਾਂ ਮੀਡੀਆ ਅਦਾਰਿਆਂ ਵੱਲੋਂ ਜਾਰੀ ਸ਼ਨਾਖਤੀ ਕਾਰਡ ਕੋਲ ਰੱਖਣੇ ਪੈਣਗੇ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।