ਚੰਡੀਗੜ੍ਹ | ਕਿਸਾਨ ਅੰਦੋਲਨ ਨੂੰ ਵੇਖ ਵੱਡੇ ਕਾਰਪੋਰੇਟ ਪੰਜਾਬ ‘ਚੋਂ ਪੈਰ ਪਿਛਾਂਹ ਖਿੱਚਣ ਲੱਗੇ ਹਨ। ਖੇਤੀ ਸੈਕਟਰ ਵਿੱਚ ਕਾਰੋਬਾਰ ਕਰਨ ਦੀ ਭਵਿੱਖੀ ਯੋਜਨਾ ਬਣਾ ਰਿਹਾ ਅਡਾਨੀ ਗਰੁੱਪ ਹੁਣ ਪੰਜਾਬ ‘ਚੋਂ ਆਪਣਾ ਸਾਮਾਨ ਸਮੇਟਣ ਲੱਗਾ ਹੈ। ਅਡਾਨੀ ਗਰੁੱਪ ਨੇ ਜਗਰਾਓਂ ਤੇ ਫਿਰੋਜ਼ਪੁਰ ਵਿੱਚੋਂ ਆਪਣੇ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਡਾਨੀ ਗਰੁੱਪ ਦੀ ਵਾਪਸੀ ਨੂੰ ਵੇਖਦਿਆਂ ਪੰਜਾਬ ਵਿਚਲੇ ਕਾਰੋਬਾਰੀ ਵੀ ਉਸ ਨਾਲੋਂ ਕਰਾਰ ਤੋੜਨ ਲੱਗੇ ਹਨ।

ਜਾਣਕਾਰੀ ਮੁਤਾਬਕ ਪੰਜਾਬ ਕੰਟੇਨਰ ਸਰਵਿਸ ਨੇ ਕਿਲ੍ਹਾ ਰਾਏਪੁਰ ਵਿੱਚ ਅਡਾਨੀ ਗਰੁੱਪ ਨਾਲ ਭਾਰੀ ਮਸ਼ੀਨਰੀ ਦੀ ਸੇਵਾ ਦਾ ਕਰਾਰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਆਪਣੀ ਮਸ਼ੀਨਰੀ ਵਾਪਸ ਬੁਲਾ ਲਈ ਹੈ। ਕੰਪਨੀ ਦੇ ਮਾਲਕ ਲੁਧਿਆਣਾ ਵਾਸੀ ਮੁਕੇਸ਼ ਖੋਸਲਾ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਕਿ ਉਸ ਦੀ ਕੰਪਨੀ ਭਵਿੱਖ ਵਿੱਚ ਕਦੇ ਵੀ ਅਡਾਨੀ ਗਰੁੱਪ ਨਾਲ ਕੋਈ ਵੀ ਵਪਾਰਕ ਸਾਂਝ ਨਹੀਂ ਰੱਖੇਗੀ ਤੇ ਅੰਦੋਲਨ ਦੀ ਜਿੱਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ।

ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਵਿਚ ਕਾਰਪੋਰੇਟਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹਨ ਕਿਉਂਕਿ ਪੰਜਾਬ ਦੇ ਵਪਾਰਕ ਅਦਾਰਿਆਂ ਨੇ ਉਨ੍ਹਾਂ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਡਾਨੀ ਗਰੁੱਪ ਨਾਲ ਠੇਕੇ ’ਤੇ ਕੰਮ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਵੀ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨੀ ਘੋਲ ਦੀ ਜਿੱਤ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗਾ।

ਉਧਰ, ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਛੋਟੇ ਵਪਾਰਕ ਅਦਾਰਿਆਂ ਨਾਲ ਕੋਈ ਵਿਰੋਧ ਨਹੀਂ ਹੈ ਸਗੋਂ ਕਿਸਾਨਾਂ ਦੀ ਲੜਾਈ ਮੌਜੂਦਾ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਨਾਲ ਹੈ, ਜਿਹੜੇ ਦੇਸ਼ ਦੀ ਸੰਪਤੀ ਜਲ, ਜੰਗਲ ਅਤੇ ਜ਼ਮੀਨ ਹੜੱਪਣਾ ਚਾਹੁੰਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)