ਅਬੋਹਰ, 4 ਨਵੰਬਰ | ਇਥੋਂ ਦੇ ਪਿੰਡ ਅਮਰਪੁਰਾ ਦੇ ਵਸਨੀਕ ਅਤੇ ETT ਦੇ ਵਿਦਿਆਰਥੀ ਨੇ ਆਰਥਿਕ ਤੰਗੀ ਕਾਰਨ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਸੁਰਿੰਦਰ ਪੁੱਤਰ ਕ੍ਰਿਸ਼ਨ ਲਾਲ ਉਮਰ 23 ਸਾਲ ਵਜੋਂ ਹੋਈ ਹੈ। ਉਸ ਦੀਆਂ 4 ਭੈਣਾਂ ਅਤੇ ਇਕ ਵੱਡਾ ਭਰਾ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਸੁਰਿੰਦਰ ETT ਕਰਨ ਦੇ ਨਾਲ ਪੇਂਟਿੰਗ ਦੀ ਦੁਕਾਨ ‘ਤੇ ਕੰਮ ਵੀ ਕਰਦਾ ਸੀ ਤਾਂ ਜੋ ਉਹ ਆਪਣੀ ਪੜ੍ਹਾਈ ਦੀ ਫੀਸ ਭਰ ਸਕੇ ਪਰ ਕੁਝ ਸਮੇਂ ਤੋਂ ਆਰਥਿਕ ਤੰਗੀ ਕਾਰਨ ਉਹ ਆਪਣੀ ਫੀਸ ਨਾ ਭਰ ਸਕਿਆ, ਜਿਸ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਕੱਲ ਰਾਤ ਨੂੰ ਉਸ ਨੇ ਆਪਣੇ ਮੋਬਾਇਲ ‘ਤੇ ਸਟੇਟਸ ਪਾ ਦਿੱਤਾ ਸੀ ਕਿ ਉਹ ਪਰੇਸ਼ਾਨ ਹੈ ਅਤੇ ਹੁਣ ਇਸ ਦੁਨੀਆ ‘ਚ ਨਹੀਂ ਰਹਿਣਾ ਚਾਹੁੰਦਾ। ਇਸ ਤੋਂ ਬਾਅਦ ਉਹ ਖਾਣਾ ਖਾ ਕੇ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਆਇਆ। ਸਵੇਰੇ ਪਿੰਡ ਦੇ ਵਾਟਰ ਵਰਕਸ ਦੇ ਕਰਮਚਾਰੀ ਨੇ ਉਸ ਨੂੰ ਵਾਟਰ ਵਰਕਸ ਦੀ ਟੈਂਕੀ ‘ਤੇ ਮ੍ਰਿਤ ਦੇਖਿਆ ਅਤੇ ਉਨ੍ਹਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਬਹਾਵਾਲਾ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।