ਅਬੋਹਰ| ਕੰਧਵਾਲਾ ਰੋਡ ਸਥਿਤ ਸਰਕਾਰੀ ਐਲੀਮੈਂਟਰੀ ਬੇਸਿਕ ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਲਈ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਕਿਹਾ ਹੈ ਕਿ ਜੋ ਬੱਚਾ ਘਰ ਤੋਂ ਚੱਮਚ ਲਿਆਏਗਾ, ਸਿਰਫ ਉਸ ਨੂੰ ਹੀ ਖਾਣਾ ਮਿਲੇਗਾ ਤੇ ਜੋ ਬੱਚਾ ਚੱਮਚ ਨਹੀਂ ਲਿਆਏਗਾ, ਉਸ ਨੂੰ ਖਾਣਾ ਨਹੀਂ ਦਿੱਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਰਾਕੇਸ਼ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਡੌਲੀ ਦਾ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਵਿਚ ਤੀਜੀ ਕਲਾਸ ਵਿਚ ਦਾਖਲਾ ਕਰਵਾਇਆ ਹੈ। ਪਹਿਲੇ ਦਿਨ ਡੌਲੀ ਸਕੂਲ ਗਈ। ਜਦੋਂ ਛੁੱਟੀ ਹੋਣ ਦੇ ਬਾਅਦ ਸਕੂਲ ਤੋਂ ਡੌਲੀ ਨੂੰ ਲੈਣ ਗਿਆ ਤਾਂ ਬੱਚੀ ਭੁੱਖ ਨਾਲ ਤੜਫ ਰਹੀ ਸੀ। ਬੋਲੀ ਪਾਪਾ ਮੈਨੂੰ ਸਕੂਲ ਵਾਲਿਆਂ ਨੇ ਖਾਣਾ ਨਹੀਂ ਦਿੱਤਾ। ਵਜ੍ਹਾ ਪੁੱਛਣ ‘ਤੇ ਬੱਚੀ ਨੇ ਦੱਸਿਆ ਕਿ ਉਸ ਕੋਲ ਚੱਮਚ ਨਹੀਂ ਸੀ। ਜਿਸ ਕੋਲ ਚੱਮਚ ਹੁੰਦਾ ਹੈ, ਸਕੂਲ ਵਿਚ ਉਸ ਨੂੰ ਖਾਣਾ ਦਿੰਦੇ ਹਨ।

ਜਦੋਂ ਅਧਿਆਪਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰਿੰਸੀਪਲ ਦਾ ਹੁਕਮ ਹੈ, ਅਸੀਂ ਕੀ ਕਰ ਸਕਦੇ ਹਾਂ। ਜਦੋਂ ਉਨ੍ਹਾਂ ਦੱਸਿਆ ਕਿ ਡੌਲੀ ਦਾ ਨਵਾਂ ਦਾਖਲਾ ਹੈ, ਉਨ੍ਹਾਂ ਨੂੰ ਚੱਮਚ ਘਰ ਤੋਂ ਲਿਆਉਣ ਬਾਰੇ ਪਤਾ ਨਹੀਂ ਸੀ ਤੇ ਨਾ ਹੀ ਪ੍ਰਿੰਸੀਪਲ ਨੇ ਸਾਨੂੰ ਦੱਸਿਆ। ਦੱਸਿਆ ਹੁੰਦਾ ਤਾਂ ਘਰ ਤੋਂ ਬੱਚੀ ਨੂੰ ਚੱਮਚ ਦੇ ਕੇ ਭੇਜਦੇ। ਘੱਟੋ-ਘੱਟ ਨਵੇਂ ਦਾਖਲੇ ਵਾਲੀ ਬੱਚੀ ਨੂੰ ਚੱਮਚ ਬਾਰੇ ਨਹੀਂ ਪਤਾ ਸੀ ਤਾਂ ਖਾਣਾ ਤਾਂ ਦੇ ਦਿੰਦੇ।