ਮਲੋਟ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਲੋਟ ਤੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਅਬੋਹਰ ਜੰਮੂ ਬਸਤੀ ਤੋਂ ਲੈਣ ਆਇਆ ਵਿਅਕਤੀ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਬਚਾਉਣ ਲਈ ਆਈ ਪਤਨੀ ਵੀ ਝੁਲਸ ਗਈ। ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿਥੇ ਵਿਅਕਤੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ।

ਰਾਜੇਸ਼ ਕੁਮਾਰ ਪੁੱਤਰ ਗਜਰਾਜ ਵਾਸੀ ਮਲੋਟ ਅੱਜ ਆਪਣੀ ਪਤਨੀ ਸਪਨਾ ਅਤੇ ਪੁੱਤਰ ਨੂੰ ਸਹੁਰੇ ਘਰ ਅਬੋਹਰ ਜੰਮੂ ਬਸਤੀ ਤੋਂ ਲੈਣ ਆਇਆ ਸੀ। ਉਹ ਆਪਣੇ ਛੋਟੇ ਹਾਥੀ ਵਿਚ ਬੈਠ ਕੇ ਸਿਗਰਟ ਪੀਣ ਲੱਗਾ ਤਾਂ ਉਸ ਵਿਚ ਰੱਖੀ ਪੈਟਰੋਲ ਦੀ ਬੋਤਲ ਨੂੰ ਅੱਗ ਲੱਗ ਗਈ। ਨਸ਼ੇ ਦੀ ਹਾਲਤ ‘ਚ ਹੋਣ ਕਾਰਨ ਰਾਜੇਸ਼ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਉਸ ਦੀ ਪਤਨੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਝੁਲਸ ਗਈ।

ਰਾਜੇਸ਼ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਜਦੋਂਕਿ ਉਸ ਦੀ ਪਤਨੀ ਦਾ ਇਥੇ ਇਲਾਜ ਚੱਲ ਰਿਹਾ ਹੈ। ਇਥੇ ਡਾ. ਮਨੀਸ਼ਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੋਵੇਂ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ ਹਨ। ਰਾਜੇਸ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ।