ਚੰਡੀਗੜ੍ਹ . ਪਿਛਲੇ ਵਾਰ ਬਿਨਾਂ ਸੀਐਮ ਦੇ ਚਿਹਰੇ ਤੋਂ ਚੋਣ ਲੜੀ ਆਮ ਆਦਮੀ ਪਾਰਟੀ ਨੇ 2022 ਵਿਚ ਸੀਐਮ ਚਿਹਰੇ ਨਾਲ ਚੋਣ ਲੜਨ ਦਾ ਫੈਸਲਾ ਕੀਤਾ ਹੈ। ਆਪ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰਾਂ ਤੇ ਸਮੂਹ ਵਿਧਾਇਕਾਂ ਨਾਲ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨਾਲ 2022 ਦੇ ਚੋਣਾਂ ਨੂੰ ਲੈ ਕੇ ਵਿਚਾਰ-ਵਿਟਾਂਦਰਾ ਕਰਨ ਉਪਰੰਤ ਰਣਨੀਤੀ ਬਣਾਈ ਗਈ। ਇਸ ਦੌਰਾਨ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਆਪਣੇ ਸਾਥੀਆਂ ਸਮੇਤ ਜਰਨੈਲ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। 

ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਹੀ ਪੰਜਾਬ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਪੰਜਾਬ ਹਿਤੈਸ਼ੀ ਲੋਕਾਂ ਦੀ ਇੱਕ ਲੰਬੀ ਲਿਸਟ ਬਣ ਗਈ ਹੈ ‘ਆਪ’ ਵਿਚ ਸ਼ਾਮਲ ਹੋਣ ਲਈ। ਉਨ੍ਹਾਂ ਕਿਹਾ ਕਿ ਜੋ ਸ਼ਖ਼ਸ ਪੰਜਾਬ ਦੀ ਭਲਾਈ ਲਈ ‘ਆਪ’ ਵਿਚ ਸ਼ਾਮਲ ਹੋਣ ਚਾਹੁੰਦਾ ਹੈ ਉਸ ਦਾ ਪਾਰਟੀ ਨਿੱਘਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਦੌਰਾਨ ਆਪ ਦੇ ਪਰਿਵਾਰ ਵਿਚ ਮੰਗਲਵਾਰ ਨੂੰ ਉਸ ਸਮੇਂ ਵਾਧਾ ਹੋਇਆ ਜਦੋਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਜੋ ਕਿ ਨਗਰ ਕੌਂਸਲ ਦਸੂਹਾ (ਹੁਸ਼ਿਆਰਪੁਰ) ਦੇ ਮੀਤ ਪ੍ਰਧਾਨ, ਯੂਥ ਅਕਾਲੀ ਦਲ (ਹੁਸ਼ਿਆਰਪੁਰ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਆਪਣੇ ਸਾਥੀਆਂ ਸਾਬੀ ਬਾਜਵਾ, ਗੁਰਪ੍ਰੀਤ ਸਿੰਘ ਵਿਰਕ, ਗਗਨਦੀਪ ਸਿੰਘ ਚੀਮਾ, ਜਗਮੋਹਨ ਸਿੰਘ ਘੁੰਮਣ ‘ਆਪ’ ਵਿਚ ਸ਼ਾਮਿਲ ਹੋਏ। ਪਾਰਟੀ ਵਿਚ ਸ਼ਾਮਲ ਹੋਏ ਨਵੇਂ ਆਗੂਆਂ ਦਾ ਪੰਜਾਬ ਇਚੰਰਾਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਬੀਬੀ ਸਰਬਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਬਿਲਾਸਪੁਰ, ਪੋਲੀਟਿਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਕੋਰ ਕਮੇਟੀ ਮੈਂਬਰ ਅਤੇ ਪੰਜਾਬ ਸੰਗਠਨ ਦੇ ਇੰਚਾਰਜ ਗੈਰੀ ਬੜਿੰਗ ਨੇ ਭਰਵਾਂ ਸਵਾਗਤ ਕੀਤਾ।