ਲੁਧਿਆਣਾ, 9 ਜੂਨ | ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਲੋਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹਲਕੇ ਵਿੱਚ ਪਾਰਟੀ ਦਾ ਪਰਿਵਾਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਬਸਪਾ ਦੇ ਬੀਸੀ ਵਿੰਗ ਦੇ ਪ੍ਰਧਾਨ ਦਵਿੰਦਰ ਸਿੰਘ ਪਨੇਸਰ ਸਮੇਤ ਕਈ ਆਗੂ ‘ਆਪ’ ਵਿੱਚ ਸ਼ਾਮਲ ਹੋ ਗਏ।

ਦਵਿੰਦਰ ਸਿੰਘ ਦੇ ਨਾਲ ਬਸਪਾ ਦੇ ਪ੍ਰਮੁੱਖ ਆਗੂ ਗੁਰਿੰਦਰ ਸਿੰਘ, ਡਾ. ਦਿਲਬਾਗ ਸਿੰਘ, ਸਬਾ ਦੁੱਗਲ, ਪ੍ਰੀਤਮ ਸਿੰਘ, ਬੀ.ਐਸ. ਪਨੇਸਰ, ਅਮਰਜੋਤ ਸਿੰਘ, ਹਰਿੰਦਰ ਸਿੰਘ, ਮਲਕੀਤ ਸਿੰਘ ਸਮੇਤ ਕਈ ਹੋਰ ਆਗੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ‘ਆਪ’ ਆਗੂ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਪੰਜਾਬ ਵਿੱਚ ਮਾਨ ਸਰਕਾਰ ਹੀ ਇੱਕੋ ਇੱਕ ਅਜਿਹੀ ਸਰਕਾਰ ਹੈ ਜਿਸਨੇ ਸੂਬੇ ਵਿੱਚ ਵਿਕਾਸ ਦਾ ਝੱਖੜ ਲਿਆਂਦਾ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ।

‘ਆਪ’ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਅਸੀਂ ਸਾਰੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁਸ਼ਲ ਨੀਤੀਆਂ ਕਾਰਨ ‘ਆਪ’ ਵਿੱਚ ਸ਼ਾਮਲ ਹੋਏ ਹਾਂ।

ਜਿਕਰਯੋਗ ਹੈ ਕਿ ਦਵਿੰਦਰ ਸਿੰਘ ਪਨੇਸਰ ਟੀ.ਐਨ ਫਾਊਂਡਰੀ ਅਤੇ ਮਸ਼ੀਨ ਟੂਲਸ ਦੇ ਮਾਲਕ ਵੀ ਹਨ। ਇਸਦੀਆਂ ਕਈ ਐਸੋਸੀਏਸ਼ਨਾਂ ਦਾ ਪ੍ਰਧਾਨ ਵੀ ਹਨ। ਉਨ੍ਹਾਂ ਫਰਵਰੀ 2022 ਵਿੱਚ ਆਤਮਾ ਨਗਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ। 2024 ਦੀਆਂ ਲੋਕ ਸਭਾ ਚੋਣਾਂ ਬਹੁਜਨ ਸਮਾਜ ਪਾਰਟੀ ਦੇ ਬੈਨਰ ਹੇਠ ਲੜੀਆਂ ਸਨ। ਇਸ ਤੋਂ ਇਲਾਵਾ, ਉਹ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਵਿੱਚ ਬਸਪਾ ਦੇ ਇੰਚਾਰਜ ਵੀ ਸਨ। ਉਦੋਂ ਤੋਂ ਹੁਣ ਤੱਕ ਉਹ ਬਸਪਾ ਦੇ ਓਬੀਸੀ ਪ੍ਰਧਾਨ ਵਜੋਂ ਕੰਮ ਕਰ ਰਹੇ ਸਨ।