ਲੁਧਿਆਣਾ | ਸਟੇਸ਼ਨ ‘ਤੇ ਚੱਲਦੀ ਟਰੇਨ ‘ਚੋਂ ਉਤਰਨ ਦੀ ਜਲਦਬਾਜ਼ੀ ‘ਚ ਇਕ ਮਹਿਲਾ ਯਾਤਰੀ ਦਾ ਪੈਰ ਫਿਸਲ ਗਿਆ। ਪਲੇਟਫਾਰਮ ਤੋਂ ਪਟੜੀ ਤੋਂ ਡਿੱਗ ਕੇ ਉਹ ਚੱਲਦੀ ਟਰੇਨ ਹੇਠਾਂ ਆ ਗਈ। ਟਰੇਨ ਪੂਰੀ ਰਫਤਾਰ ਨਾਲ ਔਰਤ ਦੇ ਉਪਰੋਂ ਲੰਘ ਗਈ। ਹਾਦਸੇ ‘ਚ ਔਰਤ ਦੀ ਜਾਨ ਬਚ ਗਈ ਹੈ।

ਇਹ ਘਟਨਾ ਢੱਕਾ ਕਾਲੋਨੀ ਦੀ ਰਹਿਣ ਵਾਲੀ ਬੰਤੋ ਦੇਵੀ ਨਾਲ ਵਾਪਰੀ। ਉਹ ਅਮਰਪਾਲੀ ਐਕਸਪ੍ਰੈਸ (15708) ਵਿੱਚ ਜਲੰਧਰ ਤੋਂ ਲੁਧਿਆਣਾ ਆਈ ਸੀ। ਟਰੇਨ ਰੁਕਣ ਤੋਂ ਪਹਿਲਾਂ ਹੀ ਉਹ ਹੇਠਾਂ ਉਤਰਨ ਲੱਗੀ ਅਤੇ ਪਲੇਟਫਾਰਮ ਤੋਂ ਫਿਸਲ ਕੇ ਪਟੜੀ ‘ਤੇ ਡਿੱਗ ਗਈ। ਉਹ ਪਲੇਟਫਾਰਮ ਦੀ ਕੰਧ ਅਤੇ ਟਰੈਕ ਦੇ ਵਿਚਕਾਰ ਫਸ ਗਈ। ਇਸ ਤੋਂ ਬਾਅਦ ਚੱਲਦੀ ਟਰੇਨ ਦੇ ਪੰਜ ਡੱਬੇ ਉਸ ਦੇ ਉਪਰੋਂ ਲੰਘ ਗਏ ਪਰ ਉਹ ਸੁਰੱਖਿਅਤ ਬਚ ਗਈ। ਹਾਲਾਂਕਿ ਇਸ ਹਾਦਸੇ ਦੌਰਾਨ ਔਰਤ ਨੂੰ ਸੱਟ ਜ਼ਰੂਰ ਲੱਗੀ ਪਰ ਉਸ ਦੀ ਜਾਨ ਬਚ ਗਈ। ਜਦੋਂ ਰੇਲਗੱਡੀ ਰੁਕੀ ਤਾਂ ਆਰਪੀਐਫ ਦੇ ਏਐਸਆਈ ਕਪਿਲ ਦੇਵ ਅਤੇ ਵਿਨੋਦ ਕੁਮਾਰ ਨੇ ਯਾਤਰੀਆਂ ਦੀ ਮਦਦ ਨਾਲ ਔਰਤ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।

ਬਚਾਅ ਕਾਰਜ ‘ਚ ਲੱਗੇ ਨੌਜਵਾਨ ਵੀ ਵਾਲ-ਵਾਲ ਬਚ ਗਏ
ਔਰਤ ਨੂੰ ਰੇਲਗੱਡੀ ਹੇਠੋਂ ਕੱਢਣ ਲਈ ਤਿੰਨ ਨੌਜਵਾਨ ਅੱਗੇ ਆਏ ਅਤੇ ਬਚਾਅ ਕਾਰਜ ‘ਚ ਆਰਪੀਐਫ ਨਾਲ ਜੁਟ ਗਏ। ਜਦੋਂ ਡਰਾਈਵਰ ਨੇ ਟਰੇਨ ਸਟਾਰਟ ਕੀਤੀ ਤਾਂ ਉਹ ਔਰਤ ਨੂੰ ਪਟੜੀ ਤੋਂ ਧੱਕਾ ਦੇ ਕੇ ਖੁਦ ਬਾਹਰ ਨਿਕਲਣ ਹੀ ਵਾਲਾ ਸੀ। ਜਿਵੇਂ ਹੀ ਟਰੇਨ ਚੱਲਣ ਲੱਗੀ, ਸਟੇਸ਼ਨ ‘ਤੇ ਚੀਕ-ਚਿਹਾੜਾ ਪੈ ਗਿਆ। ਰੌਲਾ ਸੁਣ ਕੇ ਅੰਦਰ ਬੈਠੇ ਯਾਤਰੀਆਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕ ਲਿਆ ਅਤੇ ਤਿੰਨੇ ਨੌਜਵਾਨ ਬਾਲ-ਬਾਲ ਬਚ ਗਏ।