ਨਵਾਂਸ਼ਹਿਰ . ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਕੋਰੋਨਾ ਟੈਸਟ ਕਰਵਾਉਣ ਪ੍ਰਤੀ ਇੰਨਾ ਖੌਫ ਵਧ ਗਿਆ ਹੈ ਕਿ ਲੋਕ ਸਿਹਤ ਵਿਭਾਗ ਦੀ ਟੀਮ ਦੇਖ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਖਿਸਕ ਰਹੇ ਹਨ। ਨਵਾਂਸ਼ਹਿਰ ਵਿੱਚ ਕੁਝ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਸਿਹਤ ਵਿਭਾਗ ਦੀ ਟੀਮ ਜਦੋਂ ਇਬਰਾਹਿਮ ਬਸਤੀ ਮੁਹੱਲਾ ਵਿੱਚ ਪਹੁੰਚੀ ਤਾਂ ਲੋਕ ਆਪਣੇ ਘਰ ਨੂੰ ਜਿੰਦਰੇ ਲਾ ਕੇ ਉੱਥੋਂ ਖਿਸਕ ਗਏ।
ਟੈਸਟ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਤੁਹਾਡੇ ਮੁਹੱਲੇ ਵਿੱਚ ਟੈਸਟ ਹੋਣੇ ਹਨ। ਟੀਮ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਤਾਂ ਮੁਹੱਲੇ ਦੇ ਕਰੀਬ 15-20 ਘਰਾਂ ਦੇ ਲੋਕ ਜਿੰਦਰੇ ਲਾ ਕੇ ਉੱਥੋਂ ਚਲੇ ਗਏ।
ਹੈਲਥ ਸੁਪਰਵਾਈਜ਼ਰ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਤੁਹਾਡੇ ਮੁਹੱਲੇ ਨੂੰ ਸੀਲ ਕਰ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ 50 ਦੇ ਕਰੀਬ ਲੋਕ ਟੈਸਟ ਕਰਵਾਉਣ ਪਹੁੰਚੇ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਟੈਸਟ ਸਹਿਤ ਵਿਭਾਗ ਵੱਲੋਂ ਕੀਤੇ ਗਏ। ਸਿਹਤ ਵਿਭਾਗ ਦੀ ਟੀਮ ਨਾਲ ਮੌਜੂਦ ਪੁਲਿਸ ਮੁਲਾਜ਼ਮ ਨੇ ਵੀ ਦੱਸਿਆ ਕਿ ਸਾਡੇ ਦੇਖਦਿਆਂ ਹੀ ਕੁਝ ਲੋਕ ਇੱਥੋਂ ਖਿਸਕ ਗਏ ਸਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਰੋ ਨਾ ਸਗੋਂ ਕੋਰੋਨਾ ਟੈਸਟ ਕਰਵਾਓ ਤਾਂ ਜੋ ਸਮੇਂ ਤੇ ਪਤਾ ਲੱਗ ਸਕੇ ਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਟੈਸਟ ਕਰਾਉਣ ਨਾਲ ਹੀ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ।