ਦੋਰਾਹਾ। ਲੁਧਿਆਣਾ ਦੇ ਦੋਰਾਹਾ ਸ਼ਹਿਰ ‘ਚ ਇੱਕ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਨਿਹੰਗ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਨਿਹੰਗ ਸਿੰਘ ਦੀ ਲਾਸ਼ ਦੋਰਾਹਾ ਨਹਿਰ ਦੇ ਪੁੱਲ ਕੋਲੋਂ ਮਿਲੀ। ਮ੍ਰਿਤਕ ਦੀ ਸ਼ਨਾਖਤ ਗੁਰਮੇਲ ਸਿੰਘ (50) ਵਾਸੀ ਨਾਭਾ ਵਜੋਂ ਹੋਈ ਜੋ ਕਿ ਦੋਰਾਹਾ ਵਿਖੇ ਡੇਰਾ ਲਗਾ ਕੇ ਰਹਿ ਰਹੇ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ‘ਤੇ ਮੌਜੂਦ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ 6 ਵਜੇ ਉਹ ਚਾਹ ਲੈ ਕੇ ਨਿਹੰਗ ਸਿੰਘ ਕੋਲ ਆਇਆ ਸੀ ਤਾਂ ਦੇਖਿਆ ਕਿ ਨਿਹੰਗ ਗੁਰਮੇਲ ਸਿੰਘ ਦੀ ਲਾਸ਼ ਖੂਨ ਨਾਲ ਭਿੱਜੀ ਹੋਈ ਸੀ। ਉਹਨਾਂ ਨੇ ਤੁਰੰਤ ਰਾਜਗੜ੍ਹ ਵਾਲੇ ਬਾਬੇ ਨੂੰ ਦੱਸਿਆ ਅਤੇ ਆਲੇ ਦੁਆਲੇ ਲੋਕਾਂ ਨੂੰ ਵੀ ਦੱਸਿਆ ਗਿਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਤਲਾਂ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ। ਬਰਛੇ ਵਰਗੇ ਤੇਜਧਾਰ ਹਥਿਆਰ ਮਾਰੇ ਹੋਏ ਸੀ। ਨਿਹੰਗ ਸਿੰਘ ਦੇ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਨਿਹੰਗ ਸਿੰਘ ਕੋਲ ਆਏ ਸੀ। ਸ਼ੱਕ ਹੈ ਕਿ ਉਹਨਾਂ ਨੇ ਨਿਹੰਗ ਗੁਰਮੇਲ ਸਿੰਘ ਦਾ ਕਤਲ ਕੀਤਾ।

ਘਟਨਾ ਦੀ ਜਾਂਚ ਕਰਨ ਲਈ ਮੌਕੇ ‘ਤੇ ਪੁੱਜੇ ਡੀਐਸਪੀ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਨਿਹੰਗ ਸਿੰਘ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਲੋਕਾਂ ਤੋਂ ਪਤਾ ਲੱਗਾ ਹੈ ਕਿ ਦੋ-ਤਿੰਨ ਵਿਅਕਤੀ ਨਿਹੰਗ ਸਿੰਘ ਕੋਲ ਆਏ ਸੀ ਤਾਂ ਉਸ ਮਗਰੋਂ ਸਵੇਰੇ ਨਿਹੰਗ ਸਿੰਘ ਦੀ ਲਾਸ਼ ਮਿਲੀ। ਇਹਨਾਂ ਵਿਅਕਤੀਆਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ। ਛੇਤੀ ਹੀ ਕਤਲ ਦੀ ਗੁੱਥੀ ਸੁਲਝਾ ਕੇ ਕਾਤਲ ਫੜ ਲਏ ਜਾਣਗੇ।