ਲੁਧਿਆਣਾ, 5 ਦਸੰਬਰ| ਬਾਹਰਲੇ ਮੁਲਕਾਂ ‘ਚ ਪੰਜਾਬੀਆਂ ਨੇ ਸਮੇਂ ਸਮੇਂ ਉਤੇ ਆਪਣਾ ਲੋਹਾ ਮੰਨਵਾਇਆ ਹੈ। ਫਿਰ ਭਾਵੇਂ ਉਹ ਕੋਈ ਵੀ ਖੇਤਰ ਹੋਵੇ। ਹੁਣ ਤਾਜ਼ਾ ਮਾਮਲੇ ਵਿਚ ਇਟਲੀ ਦੀ ਪੁਲਿਸ ਵਿਚ ਭਰਤੀ ਹੋ ਕੇ ਲੁਧਿਆਣਾ ਦੀ ਰਹਿਣ ਵਾਲੀ ਜਸਕੀਰਤ ਨੇ ਪੰਜਾਬ ਦਾ ਮਾਣ ਵਧਾਇਆ ਹੈ।

ਇਟਲੀ ਦੇ ਲੰਬਾਰਦੀਆ ਸੂਬੇ ਵਿਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿਚ ਭਰਤੀ ਹੋਈ ਜਸਕੀਰਤ ਸੈਣੀ ਨੇ ਇਟਲੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। 23 ਸਾਲਾ ਜਸਕੀਰਤ ਸੈਣੀ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਹੈ।

ਉਹ ਅਪਣੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਪਵੋਨੇ ਮੇਲਾ ਵਿਖੇ ਰਹਿ ਰਹੀ ਹੈ। ਜਸਕੀਰਤ ਨੇ ਦੱਸਿਆ ਕਿ ਉਸ ਦੇ ਮਾਪਿਆਂ ਦੀਆਂ ਅਰਦਾਸਾਂ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਉਸ ਨੇ ਲੋਕਾਲੇ ਪੁਲਿਸ ਵਿਚ ਨੌਕਰੀ ਪ੍ਰਾਪਤ ਕਰ ਲਈ ਹੈ।

 

ਜਸਕੀਰਤ ਸੈਣੀ ਦੇ ਪਿਤਾ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਹੀ ਹੈ ਅਤੇ ਸਖ਼ਤ ਮਿਹਨਤ ਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਿਸ ਵਿਚ ਭਰਤੀ ਹੋਈ। ਉਨ੍ਹਾਂ ਕਿਹਾ ਕਿ ਉਹ ਇਟਲੀ ਵੱਸਦੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆਂ ਦਾ ਵੀ ਸਹਿਯੋਗ ਲਈ ਧੰਨਵਾਦ ਕਰਦੇ ਹਨ।