ਕਪੂਰਥਲਾ| ਫਿਰੋਜਪੁਰ। ਕਪੂਰਥਲਾ ਸੈਸ਼ਨ ਕੋਰਟ ਵਿਚ ਪੰਜਾਬ ਪੁਲਿਸ ਦਾ ਖੌਫਨਾਕ ਚਿਹਰਾ ਸਾਹਮਣੇ ਆਇਆ ਹੈ। ਥਾਣਾ ਢਿੱਲਵਾਂ ਵਿਚ ਦਰਜ ਡਕੈਤੀ ਦੇ ਮਾਮਲੇ ਵਿਚ ਫਿਰੋਜਪੁਰ ਜੇਲ੍ਹ ਤੋਂ ਲਿਆਂਦੇ ਗਏ ਕੈਦੀ ਨੇ ਭਰੀ ਅਦਾਲਤ ਵਿਚ ਆਪਣੀ ਸ਼ਰਟ ਲਾਹ ਕੇ ਜਦੋਂ ਪਿਠ ਦਿਖਾਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕੈਦੀ ਬੋਲਿਆ, ਜੱਜ ਸਾਹਿਬ! ਪੁਲਿਸ ਨੇ ਮੇਰੀ ਪਿਠ ਉਤੇ ਜਬਰਨ ਰਾਡ ਨਾਲ ਗੈਂਗਸਟਰ ਲਿਖਿਆ ਹੈ। ਪੰਜਾਬ ਪੁਲਿਸ ਦੇ ਇਸ ਅਣਮਨੁੱਖੀ ਵਤੀਰੇ ਨੂੰ ਦੇਖਦੇ ਹੀ ਜੱਜ ਵੀ ਹੱਕਾ-ਬੱਕਾ ਰਹਿ ਗਿਆ। ਇੰਨਾ ਹੀ ਨਹੀਂ ਕੋਰਟ ਵਿਚ ਮੌਜੂਦ ਸਾਰਾ ਅਮਲਾ ਵੀ ਸੁੰਨ ਹੋ ਗਿਆ।

ਕੈਦੀ ਦੀ ਅਪੀਲ ਉਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਨੂੰ ਮੈਡੀਕਲ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਥਾਣਾ ਢਿੱਲਵਾਂ ਵਿਚ ਸਾਲ 2017 ਵਿਚ ਐਫਆਈਆਰ ਨੰਬਰ 23 ਦਰਜ ਕੀਤੀ ਗਈ ਸੀ। ਇਸ ਵਿਚ ਆਰੋਪੀ ਤਰਸੇਮ ਸਿੰਘ ਉਰਫ ਜੋਧਾ ਵਾਸੀ ਢਿੱਲਵਾਂ ਤੇ ਹੋਰਾਂ ਖਿਲਾਫ ਡਕੈਤੀ ਦੀ ਯੋਜਨਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਕੀਤਾ ਗਿਆ ਸੀ।

ਆਰੋਪੀ ਤਰਸੇਮ ਸਿੰਘ ਉਤੇ ਸੂਬੇ ਦੇ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਕ ਮਾਮਲੇ ਦਰਜ ਹਨ ਤੇ ਉਹ ਫਿਰੋਜਪੁਰ ਜੇਲ੍ਹ ਵਿਚ ਬੰਦ ਹੈ। ਉਕਤ ਮਾਮਲੇ ਵਿਚ ਬੁੱਧਵਾਰ ਨੂੰ ਆਰੋਪੀ ਤਰਸੇਮ ਸਿੰਘ ਨੂੰ ਫਿਰੋਜਪੁਰ ਜੇਲ੍ਹ ਤੋਂ ਕਪੂਰਥਲਾ ਦੀ ਸੈਸ਼ਨ ਕੋਰਟ ਵਿਚ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਦੇ ਸਾਹਮਣੇ ਆਉਂਦੇ ਹੀ ਤਰਸੇਮ ਸਿੰਘ ਨੇ ਆਪਣੀ ਕਮੀਜ ਉਤਾਰ ਦਿੱਤੀ ਤੇ ਪਿਠ ਉਤੇ ਪੁਲਿਸ ਦੀ ਦਰਿੰਦਗੀ ਦਾ ਸਬੂਤ ਦਿਖਾਇਆ ਤੇ ਅੱਤਿਆਚਾਰ ਦੀ ਗਾਥਾ ਸੁਣਾਈ। ਪੀੜਤ ਨੇ ਮੈਡੀਕਲ ਜਾਂਚ ਦੀ ਗੁਹਾਰ ਲਗਾਈ।

ਦੂਜੇ ਪਾਸੇ ਇਸ ਘਟਨਾ ਨੇ ਇਕ ਨਵਾਂ ਮੋੜ ਲੈ ਲਿਆ ਹੈ। ਕੇਂਦਰੀ ਜੇਲ ਫਿਰੋਜਪੁਰ ਵਿਚ ਜਿਸ ਵਿਚਾਰਧੀਨ ਕੈਦੀ ਦੀ ਪਿੱਠ ਉਤੇ ਪੁਲਿਸ ਵਲੋਂ ਗੈਂਗਸਟਰ ਲਿਖਣ ਦੇ ਇਲਜਾਮ ਲੱਗੇ ਹਨ, ਉਲਟਾ ਪੁਲਿਸ ਨੇ ਉਸੇ ਉਤੇ ਡਿਊ਼ਟੀ ਵਿਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰ ਦਿੱਤਾ ਹੈ।

ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਤਰਸੇਮ ਸਿੰਘ ਖਿਲਾਫ ਪਹਿਲਾਂ ਹੀ 15 ਤੋਂ ਜਿਆਦਾ ਮਾਮਲੇ ਦਰਜ ਹਨ। ਇਸ ਨੇ ਆਪ ਹੀ ਆਪਣੀ ਪਿੱਠ ਉਤੇ ਗੈਂਗਸਟਰ ਲਿਖ ਕੇ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।