ਬਟਾਲਾ. ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਘਰ ਤੋਂ ਬਾਹਰ ਜਾਣ ਲੱਗਿਆ ਮਾਸਕ ਪਾਉਣਾ ਅਤੇ ਉਚਿਤ ਸਮਾਜਿਕ ਦੂਰੀ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਜਨਤਕ ਥਾਵਾਂ ਤੇ ਥੁੱਕਣ ਆਦਿ ਦੀ ਮਨਾਹੀ ਕੀਤੀ ਗਈ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ’ਤੇ ਭਾਰੀ ਜ਼ੁਰਮਾਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਜਨਤਕ ਥਾਵਾਂ ਤੇ ਜਾਣ ਸਮੇਂ ਮਾਸਕ ਪਹਿਨੇ, ਉਚਿਤ ਸਮਾਜਿਕ ਦੂਰੀ ਰੱਖੇ ਅਤੇ ਜਨਤਕ ਥਾਵਾਂ ‘ਤੇ ਥੁੱਕਣ ਤੋਂ ਗੁਰੇਜ਼ ਕਰੇ। ਜਿਨ੍ਹਾਂ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ ਕੀਤਾ ਗਿਆ ਹੈ ਉਹ ਇਕਾਂਤਵਾਸ ਦੀ ਪਾਲਣਾ ਕਰਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇ ਮਾਸਕ ਨਹੀਂ ਪਹਿਨਦਾ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਤੇ ਜਨਤਕ ਥਾਂ ਤੇ ਥੁੱਕਣ ਵਾਲੇ ਨੂੰ ਵੀ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਰ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਕਾਨ ਜਾਂ ਕਿਸੇ ਕਮਰਸ਼ੀਅਲ ਜਗ੍ਹਾ ’ਤੇ ਜੇਕਰ ਸਮਾਜਿਕ ਦੂਰੀ ਦੀ ਉਲੰਘਣਾ ਹੁੰਦੀ ਹੈ ਤਾਂ ਮਾਲਕ ਤੋਂ 2000 ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ ਬੱਸ ਮਾਲਕਾਂ ਨੂੰ 3000 ਰੁਪਏ, ਕਾਰ ਮਾਲਕ ਨੂੰ 2000 ਰੁਪਏ ਤੇ ਆਟੋ ਰਿਕਸ਼ਾਂ ਤੇ ਦੋ ਪਹੀਆ ਵਾਹਨ ਨੂੰ 500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।
ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਉਸ ਵਿਰੁਧ ਐਪੀਡੈਮਿਕ ਡਿਜ਼ੀਜ ਐਕਟ 1897 ਦੇ ਨਿਯਮਾਂ ਤਹਿਤ ਆਈ.ਪੀ.ਸੀ. ਦੀ ਧਾਰਾ 188 ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਬੀ.ਡੀ.ਪੀ.ਓ., ਨਾਇਬ ਤਹਿਸੀਲਦਾਰ, ਏ.ਐੱਸ.ਆਈ. ਤੇ ਇਸ ਅਹੁਦੇ ਤੋਂ ਉੱਪਰਲੇ ਸਮੂਹ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਦੁਆਰਾ ਅਧਿਕਾਰਤ ਅਧਿਕਾਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਐਪੀਡੈਮਿਕ ਡਿਜ਼ੀਜ ਐਕਟ 1897 ਦੇ ਨਿਯਮਾਂ ਤਹਿਤ ਜੁਰਮਾਨਾ ਵਸੂਲ ਸਕਦੇ ਹਨ।