ਜਗਰਾਓਂ, ਲੁਧਿਆਣਾ | ਲੁਧਿਆਣਾ ਵਿਚ ਇਕ ਅਪਾਹਜ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਲਾਸ਼ ਘਰ ਵਿਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਵਜੋਂ ਹੋਈ ਹੈ। ਉਹ ਕੋਠੇ ਰਾਹਲਾ ਇਲਾਕੇ ਵਿਚ ਇਕੱਲਾ ਰਹਿੰਦਾ ਸੀ ਅਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।

ਮੰਗਲਵਾਰ ਸਵੇਰੇ ਜਦੋਂ ਜੱਸੀ ਨੇ ਦੁਕਾਨ ਨਹੀਂ ਖੋਲ੍ਹੀ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਐਸਐਸਪੀ ਨਵਨੀਤ ਸਿੰਘ ਬੈਂਸ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਗੁਆਂਢੀ ਦੀ ਛੱਤ ਤੋਂ ਘਰ ਵਿਚ ਦਾਖਲ ਹੋਈ। ਜੱਸੀ ਦੀ ਲਾਸ਼ ਘਰ ਦੇ ਅੰਦਰ ਹੀ ਪਈ ਸੀ। ਉਸ ਦੇ ਸਰੀਰ ‘ਤੇ ਚਾਕੂਆਂ ਦੇ ਨਿਸ਼ਾਨ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।

ਜੱਸੀ ਦੀ ਮਾਤਾ ਪ੍ਰੀਤਮ ਕੌਰ ਨੇ ਦੱਸਿਆ ਕਿ ਦੇਰ ਰਾਤ ਜੱਸੀ ਨਾਲ ਫੋਨ ‘ਤੇ ਗੱਲ ਹੋਈ। ਉਸ ਨੇ ਕਿਹਾ ਸੀ ਕਿ ਉਹ ਧਰਮਸ਼ਾਲਾ ਵਿਚ ਸੇਵਾ ਕਰਕੇ ਘਰ ਪਰਤਿਆ ਸੀ। ਜੱਸੀ ਦੇ 2 ਤਲਾਕ ਹੋ ਚੁੱਕੇ ਹਨ। ਜੱਸੀ ਦੀ ਕੋਈ ਔਲਾਦ ਨਹੀਂ ਸੀ। ਆਪਣੇ ਤੌਰ ‘ਤੇ ਗੁਜ਼ਾਰਾ ਚਲਾਉਣ ਲਈ ਉਸ ਨੇ ਘਰ ਵਿਚ ਕਰਿਆਨੇ ਦੀ ਦੁਕਾਨ ਖੋਲ੍ਹੀ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।