ਚੰਡੀਗੜ੍ਹ | ਜ਼ਿਲ੍ਹਾ ਅਦਾਲਤ ਨੇ ਫਰੀਦਕੋਟ ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਰਾਮ ਰਹੀਮ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਸਮੇਤ ਕੁਝ ਹੋਰ ਦਸਤਾਵੇਜ਼ਾਂ ਦੀ ਮੰਗ ਲਈ ਅਰਜ਼ੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਹ ਕੇਸ ਪਹਿਲਾਂ ਫਰੀਦਕੋਟ ਦੀ ਅਦਾਲਤ ‘ਚ ਚੱਲ ਰਿਹਾ ਸੀ।

2015 ਦੇ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਘਟਨਾਵਾਂ ‘ਚ ਚਾਰਜਸ਼ੀਟ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਆਪਣੀ ਜਾਨ ਨੂੰ ਖਤਰੇ ਡਰੋਂ ਦੱਸ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਇਨ੍ਹਾਂ ਕੇਸਾਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਸੀ।

28 ਫਰਵਰੀ, 2023 ਨੂੰ ਸੁਪਰੀਮ ਕੋਰਟ ਦੇ ਜਸਟਿਸ ਅਨੁਰਾਧਾ ਬੋਸ ਅਤੇ ਜਸਟਿਸ ਸੁਧਾਂਸ਼ੂ ਧੂਲੀਆ ‘ਤੇ ਆਧਾਰਿਤ ਬੈਂਚ ਨੇ ਸੁਣਵਾਈ ਤੋਂ ਬਾਅਦ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਡੇਰਾ ਪੈਰੋਕਾਰਾਂ ਦੇ ਕੁੱਲ ਚਾਰ ਕੇਸ ਪੰਜਾਬ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤੇ। ਇਨ੍ਹਾਂ ਵਿੱਚੋਂ ਤਿੰਨ ਕੇਸ ਬਰਗਾੜੀ ਬੇਅਦਬੀ ਕਾਂਡ ਨਾਲ ਸਬੰਧਤ ਹਨ, ਜਦਕਿ ਇੱਕ ਕੇਸ ਮੋਗਾ ‘ਚ ਸਾਲ 2010 ਦੌਰਾਨ ਹੋਈ ਅੱਗਜਨੀ ਅਤੇ ਭੰਨਤੋੜ ਨਾਲ ਸਬੰਧਤ ਹੈ।

ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਤਿੰਨ ਕੇਸ ਹਨ ਅਤੇ ਤਿੰਨਾਂ ਮਾਮਲਿਆਂ ‘ਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਫਰੀਦਕੋਟ ਦੀ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਪਹਿਲਾ ਮਾਮਲਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਪਵਿੱਤਰ ਸਰੂਪ ਚੋਰੀ ਕਰਨ ਦਾ ਸੀ (ਐਫਆਈਆਰ ਨੰ: 63), ਦੂਜਾ ਮਾਮਲਾ ਉਸੇ ਗੁਰਦੁਆਰਾ ਸਾਹਿਬ ਦੇ ਬਾਹਰ ਅਸ਼ਲੀਲ ਭਾਸ਼ਾ ਵਾਲੇ ਪੋਸਟਰ ਲਾਉਣ ਦਾ ਸੀ (ਐਫਆਈਆਰ ਨੰ. 117) ਅਤੇ ਤੀਜਾ ਮਾਮਲਾ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਵਰੂਪ ਦੀ ਬੇਅਦਬੀ (ਐਫਆਈਆਰ ਨੰ: 128) ਅਤੇ ਇਹ ਤਿੰਨੋਂ ਕੇਸ ਥਾਣਾ ਬਾਜਾਖਾਨਾ ‘ਚ ਦਰਜ ਹਨ। ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਡੇਰਾ ਪੈਰੋਕਾਰਾਂ ਤੋਂ ਇਲਾਵਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਤਿੰਨਾਂ ਮਾਮਲਿਆਂ ‘ਚ ਚਾਰਜਸ਼ੀਟ ਕੀਤਾ ਗਿਆ ਹੈ, ਜਦਕਿ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ।