ਅੰਮ੍ਰਿਤਸਰ| ਖਾਲਸਾ ਸਾਜਨਾ ਦਿਵਸ ‘ਤੇ ਸਰਹੱਦ ਪਾਰ ਪਾਕਿਸਤਾਨ ਵਿਚ ਆਯੋਜਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ 1052 ਲੋਕਾਂ ਦਾ ਜਥਾ ਭੇਜ ਰਹੀ ਹੈ। ਇਸ ਸਾਲ ਪਾਕਿਸਤਾਨ ਨੇ ਪੂਰੇ ਭਾਰਤ ਤੋਂ 2856 ਲੋਕਾਂ ਨੂੰ ਵੀਜ਼ਾ ਦਿੱਤਾ ਹੈ ਜਿਨ੍ਹਾਂ ਵਿਚੋਂ 1052 ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾ ਰਹੇ ਹਨ। ਸਾਰੇ ਸ਼ਰਧਾਲੂ ਅਟਾਰੀ ਸਰਹੱਦ ਦੇ ਰਸਤੇ ਪਾਕਿਸਤਾਨ ਪਹੁੰਚਣਗੇ।

ਇਹ ਸ਼ਰਧਾਲੂ ਅੱਜ 9 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਣਗੇ ਤੇ 18 ਅਪ੍ਰੈਲ ਨੂੰ ਵਾਪਸੀ ਕਰਨਗੇ। ਐੱਸਜੀਪੀਸੀ ਵੱਲੋਂ ਭੇਜੇ ਜਾ ਰਹੇ ਜਥੇ ਦੀ ਪ੍ਰਧਾਨਗੀ ਅਮਰਜੀਤ ਸਿੰਘ ਭਲਾਈਪੁਰ ਨੂੰ ਸੌਂਪੀ ਗਈ ਹੈ। ਉਨ੍ਹਾਂ ਨਾਲ ਇਸ ਸਾਲ ਬਲਵਿੰਦਰ ਸਿੰਘ ਤੇ ਕੁਲਵੰਤ ਸਿੰਘ ਰੰਧਾਵਾ ਹੋਣਗੇ।

ਐੱਸਜੀਪੀਸੀ ਵੱਲੋਂ ਵਿਸਾਖੀ ਮੌਕੇ ਹਰ ਸਾਲ ਪਾਕਿਸਤਾਨ ਲਈ ਵਿਸ਼ੇਸ਼ ਜਥਾ ਰਵਾਨਾ ਕੀਤਾ ਜਾਂਦਾ ਹੈ। ਇਸ ਸਾਲ SGPC ਨੇ 1161 ਸ਼ਰਧਾਲੂਆਂ ਦੇ ਪਾਸਪੋਰਟ ਨੂੰ ਪਾਕਿਸਤਾਨ ਅੰਬੈਸੀ ਨੂੰ ਭੇਜਿਆ ਸੀ। ਪਾਕਿਸਤਾਨ ਸਰਕਾਰ ਨੇ ਜਾਂਚ ਦੇ ਬਾਅਦ 109 ਲੋਕਾਂ ਦਾ ਵੀਜ਼ਾ ਰਿਜੈਕਟ ਕਰ ਦਿੱਤਾ।

10 ਦਿਨ ਦੇ ਵੀਜ਼ੇ ਦੌਰਾਨ ਸਿੱਖ ਸ਼ਰਧਾਲੂ ਗੁਰੂਧਾਮਾਂ ਦੇ ਦਰਸ਼ਨ ਕਰਨਗੇ। ਨਨਕਾਣਾ ਸਾਹਿਬ ਤੋਂ ਇਲਾਵਾ ਕਰਤਾਰਪੁਰ, ਪੰਜਾ ਸਾਹਿਬ ਗੁਰਦੁਆਰੇ ਵਿਚ ਨਤਮਸਤਕ ਹੋਣਗੇ। ਸਵੇਰੇ 8.30 ਵਜੇ ਰਵਾਨਾ ਹੋਣ ਦੇ ਬਾਅਦ ਸ਼ਰਧਾਲੂ ਅਟਾਰੀ ਸਰਹੱਦ ‘ਤੇ ਕਾਗਜ਼ੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਬਾਅਦ ਸਾਰੇ ਸ਼ਰਧਾਲੂ ਪਾਕਿਸਤਾਨ ਵਿਚ ਦਾਖਲ ਹੋਣਗੇ।