ਟੋਰਾਂਟੋ, 15 ਸਤੰਬਰ | ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਿੱਖ ਵਿਦਿਆਰਥੀ ਉੱਤੇ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਇਹ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ ‘ਤੇ ਹਮਲਾ ਹੋਇਆ ਹੈ। ਇਹ ਘਟਨਾ ਕੇਲੋਨਾ ਵਿਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ ‘ਤੇ ਵਾਪਰੀ, ਜਿਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ ‘ਤੇ ਮਿਰਚ ਸਪਰੇਅ ਕਰਨ ਤੋਂ ਬਾਅਦ ਉਸ ਦੇ ਲੱਤਾਂ ਤੇ ਮੁੱਕੇ ਮਾਰੇ ਗਏ।

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇਕ ਜਨਤਕ ਆਵਾਜਾਈ ਬੱਸ ਵਿਚੋਂ ਉਤਰ ਰਿਹਾ ਸੀ। ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ.ਐੱਸ.ਓ.) ਨੇ ਦੋਸ਼ ਲਾਇਆ ਹੈ ਕਿ ਵਿਦਿਆਰਥੀ ਦੀ ਗੱਡੀ ‘ਚ ਵੀ ਕੁੱਟਮਾਰ ਕੀਤੀ ਗਈ।

ਸ਼ਹਿਰ ‘ਚ ਜਨਤਕ ਵਾਹਨ ‘ਚ ਸਿੱਖ ਨੌਜਵਾਨ ‘ਤੇ ਹਿੰਸਾ ਦੀ ਸਾਲ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ ਵਿਚ, ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਾਰਤ ਦੇ ਇੱਕ ਸਿੱਖ ਵਿਦਿਆਰਥੀ ਗਗਨਦੀਪ ਸਿੰਘ (21) ਉੱਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀ।