ਜਲੰਧਰ ‘ਚ ਪ੍ਰਾਈਵੇਟ ਲੈਬਾਂ ‘ਚ ਰੋਜ਼ਾਨਾ ਹੋਵੇਗੀ ਜਾਂਚ, R.T.P.C.R. ਰਾਹੀਂ ਕੋਵਿਡ ਟੈਸਟ ਲਈ 2400 ਰੁਪਏ ਅਤੇ ਰੈਪਿਡ ਐਂਟੀਜ਼ਨ ਕੋਵਿਡ ਟੈਸਟ ਕਿੱਟ ਰਾਹੀਂ ਟੈਸਟ ਲਈ 1000 ਰੁਪਏ ਨਿਰਧਾਰਿਤ

0
793
  • ਜ਼ਿਲ੍ਹਾ ਵਾਸੀ ਨਿਯਮਾਂ/ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਬਾਰੇ ਕੰਟਰੋਲ ਰੂਮ 0181-2224417 ‘ਤੇ ਦਰਜ ਕਰਵਾ ਸਕਦੇ ਹਨ ਸ਼ਿਕਾਇਤ।
  • ਕੋਵਿਡ ਪ੍ਰਭਾਵਿਤ ਦੇ ਸੰਪਰਕ ‘ਚ ਆਏ ਘੱਟ ਤੋਂ ਘੱਟ 10 ਲੋਕਾਂ ਦੇ ਜਲਦੀ ਟੈਸਟ ਨੂੰ ਯਕੀਨੀ ਬਣਾਇਆ ਜਾਵੇਗਾ -ਡੀਸੀ

ਜਲੰਧਰ . ਕੋਵਿਡ-19 ਮਹਾਂਮਾਰੀ ਦੌਰਾਨ ਕੋਵਿਡ ਦਾ ਟੈਸਟ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੀ ਨਿਗਰਾਨੀ ਲਈ ਡੀਸੀ ਘਨਸ਼ਿਆਮ ਥੋਰੀ ਵਲੋਂ ਸਿਵਲ ਅਧਿਕਾਰੀਆਂ ਅਤੇ ਡਾਕਟਰਾਂ ਦੀਆਂ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕੋਵਿਡ ਦਾ ਟੈਸਟ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੀ ਰੋਜ਼ਾਨਾ ਜਾਂਚ ਕਰਕੇ ਪਾਜ਼ੀਟਿਵ ਅਤੇ ਨੈਗੇਟਿਵ ਆਏ ਲੋਕਾਂ ਸਬੰਧੀ ਰਿਪੋਰਟ ਸੌਂਪਣਗੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੱਤ ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨਾਂ ਟੀਮਾਂ ਵਲੋਂ ਨਾ ਕੇਵਲ ਪ੍ਰਾਈਵੇਟ ਲੈਬਾਂ ਦਾ ਦੌਰਾ ਕਰਕੇ ਕੋਵਿਡ ਟੈਸਟ ਲਈ ਆਏ ਲੋਕਾਂ ਦੀ ਰਿਪੋਰਟ ਦੀ ਜਾਂਚ ਕੀਤੀ ਜਾਵੇਗੀ, ਬਲਕਿ ਪਾਜ਼ੀਟਿਵ ਅਤੇ ਨੈਗੇਟਿਵ ਆਏ ਲੋਕਾਂ ਦੀ ਵਿਸਥਾਰਪੂਰਵਕ ਰਿਪੋਰਟ ਵੀ ਉਨਾਂ ਦੇ ਦਫ਼ਤਰ ਨੂੰ ਸੌਂਪੀ ਜਾਵੇਗੀ।    

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ.ਪ੍ਰਿਤਪਾਲ ਸਿੰਘ ਵਲੋਂ ਐਸ.ਡੀ.ਓ. ਭੂਮੀ ਰੱਖਿਆ ਲੁਪਿੰਦਰ ਕੁਮਾਰ ਨਾਲ ਲਾਲ ਪੈਥ ਲੈਬ ਅਤੇ ਕੋਰ ਡਾਇਗਨੌਸਟਿਕ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਡਾ.ਮੁਕੇਸ਼ ਕੁਮਾਰ ਅਤੇ ਸਹਾਇਕ ਕਿਰਤ ਕਮਿਸ਼ਨਰ ਸ੍ਰੀ ਜਤਿੰਦਰ ਪਾਲ ਸਿੰਘ ਸੋਹਲ ਵਲੋਂ ਐਸ.ਆਰ.ਐਲ. ਲੈਬ, ਐਸ.ਐਮ.ਓ. ਡਾ.ਕੁਲਦੀਪ ਸਿੰਘ ਵਲੋਂ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਰਜਿੰਦਰ ਸਿੰਘ ਨਾਲ  ਓਨਕਿਊਸਟ ਅਤੇ ਟੈਗੌਰ ਹਸਪਤਾਲ, ਐਸ.ਐਮ.ਓ. ਡਾ.ਅਸ਼ੋਕ ਕੁਮਾਰ ਅਤੇ ਜਨਰਲ ਮੇਨੈਜਰ ਉਦਯੋਗਿਕ ਸੈਂਟਰ ਸ੍ਰੀ ਸੁਖਪਾਲ ਸਿੰਘ ਵਲੋਂ ਪੈਥ ਕਾਇੰਡ, ਡਾ.ਪਰਮਜੀਤ ਸਿੰਘ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਵਰਿੰਦਰ ਸਿੰਘ ਬੈਂਸ ਵਲੋਂ ਮੈਟਰੋਪੋਲਿਸ, ਡਾ.ਰਜਿੰਦਰਪਾਲ ਸਿੰਘ ਬੈਂਸ ਅਤੇ ਜ਼ਿਲ੍ਹਾ ਟਾਊਨ ਪਲੈਨਰ ਸ੍ਰੀ ਨਵਲ ਕਿਸ਼ੋਰ ਵਲੋਂ ਪਟੇਲ ਹਸਪਤਾਲ ਅਤੇ ਡਾ.ਰਾਜੀਵ ਸ਼ਰਮਾ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਮਹਿੰਦਰਪਾਲ ਨਾਲ ਸ੍ਰੀਮਨ ਹਸਪਤਾਲ ਵਿਖੇ ਲੈਬਾਰਟਰੀਆਂ ਦੀ ਜਾਂਚ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਕੋਵਿਡ ਪ੍ਰਭਾਵਿਤ ਮਰੀਜ ਦੇ ਸੰਪਰਕ ਵਿੱਚ ਆਏ ਘੱਟ ਤੋਂ ਘੱਟ 10 ਲੋਕਾਂ ਦੇ ਜਲਦੀ ਟੈਸਟਾਂ ਨੂੰ ਯਕੀਨੀ ਬਣਾਉਣਾ ਹੈ, ਇਸ ਨਾਲ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਵੱਡੀ ਮਦਦ ਮਿਲੇਗੀ ਅਤੇ ਕੋਵਿਡ ਚੇਨ ਨੂੰ ਤੋੜਿਆ ਜਾ ਸਕੇਗਾ।

ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ ਪੱਧਰ ‘ਤੇ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਕੋਵਿਡ ਕਰਕੇ ਹੋਣ ਵਾਲੀ ਮੌਤ ਦਰ ਨੂੰ ਘਟਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਲੈਬਾਰਟਰੀਆਂ ਨੂੰ ਕੋਵਿਡ ਦਾ ਟੈਸਟ ਕਰਵਾਉਣ ਆਏ ਵਿਅਕਤੀਆਂ ਸਬੰਧੀ ਸੁਚਾਰੂ ਢੰਗ ਰਿਕਾਰਡ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।

ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ  ਪਾਈਵੇਟ ਲੈਬ ਤੋਂ ਆਰ.ਟੀ.ਪੀ.ਸੀ.ਆਰ. ਰਾਹੀਂ ਕੋਵਿਡ ਦੇ ਟੈਸਟ ਲਈ 2400 ਰੁਪਏ ਅਤੇ ਰੈਪਿਡ ਐਂਟੀਜ਼ਨ ਕੋਵਿਡ ਟੈਸਟ ਕਿੱਟ ਰਾਹੀਂ ਟੈਸਟ ਕਰਵਾਉਣ ਲਈ 1000 ਰੁਪਏ ਨਿਰਧਾਰਿਤ ਕੀਤੇ ਗਏ ਹਨ।

ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਇਨ੍ਹਾਂ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਸਰਕਾਰ ਵਲੋਂ ਜਾਰੀ ਨਿਯਮਾਂ/ਹਦਾਇਤਾਂ ਦੀ ਉਲੰਘਣਾ ਸਬੰਧੀ ਕਿਸੇ ਵੀ ਸ਼ਿਕਾਇਤ  ਨੂੰ ਕੰਟਰੋਲ ਰੂਮ ਟੈਲੀਫੋਨ ਨੰਬਰ 0181-2224417 ‘ਤੇ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਇਕਜੁਟਤਾ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ।  Àਨ੍ਹਾਂ ਅਪੀਲ ਕਰਦਿਆਂ ਕਿਹਾ ਕਿ ‘ਮਿਸ਼ਨ ਫ਼ਤਿਹ’ ਤਹਿਤ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਅਤੇ ਸਮੇਂ-ਸਮੇਂ 20 ਸੈਕਿੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤ ਕੇ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।