ਨਵਾਂਸ਼ਹਿਰ . ਕੋਰੋਨਾ ਮੁਕਤ ਹੋਏ ਜ਼ਿਲ੍ਹਾ ਨਵਾਂਸ਼ਹਿਰ ਇੱਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਦੀ ਲਪੇਟ ਵਿਚ ਆ ਗਿਆ ਹੈ। ਅੱਜ ਸਵੇਰੇ ਹੀ ਹਜ਼ੂਰ ਸਾਹਿਬ ਤੋਂ ਪਰਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 57 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਬੀਤੀ ਦੇਰ ਰਾਤ ਪੰਜ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਨੌਂ ਕੋਰੋਨਾ ਮਰੀਜ਼ ਹੋ ਗਏ ਸਨ। ਪਰ ਅੱਜ ਸਵੇਰੇ 57 ਨਵੇਂ ਮਾਮਲੇ ਸਾਹਮਣੇ ਆ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਕੁੱਲ 66 ਕੋਰੋਨਾ ਦੇ ਐਕਟਿਵ ਕੇਸ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾ ਕੋਰੋਨਾ ਪਾਜ਼ੀਟਿਵ ਕੇਸ ਵੀ ਨਵਾਂਸ਼ਹਿਰ ਜ਼ਿਲ੍ਹੇ ਦਾ ਹੀ ਸੀ, ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਹੀ ਮਹਾਮਾਰੀ ਦੇ ਮਰੀਜ਼ ਵਧੇ ਸਨ, ਪਰ ਇਲਾਜ ਮਗਰੋਂ ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ। ਹੁਣ 66 ਮਾਮਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਰੋਕਣ ਲਈ ਘਰਾਂ ਵਿਚ ਰਹਿਣ ਦੀ ਅਪੀਲ

ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।