ਦਿੱਲੀ | ਇਥੇ ਧੋਖਾਧੜੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ OTP ਪੁੱਛੇ ਜਾਂ ਕੋਈ ਲਿੰਕ ਭੇਜੇ ਬਿਨਾਂ ਕੰਪਨੀ ਦੇ ਬੈਂਕ ਖਾਤੇ ਵਿਚੋਂ 50 ਲੱਖ ਰੁਪਏ ਕੱਢ ਲਏ। ਕੰਪਨੀ ਦੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਦਿੱਲੀ ‘ਚ ਬਿਨਾਂ OTP ਅਤੇ ਲਿੰਕ ਦੇ ਬੈਂਕ ਖਾਤੇ ਵਿਚੋਂ ਪੈਸੇ ਕਢਵਾਉਣ ਦਾ ਇਹ ਪਹਿਲਾ ਮਾਮਲਾ ਹੈ। ਸ਼ਿਕਾਇਤਕਰਤਾ ਨੂੰ ਪਹਿਲੇ ਕੁਝ ਖਾਲੀ ਮੈਸੇਜ ਆਏ। ਇਸ ਤੋਂ ਬਾਅਦ ਠੱਗਾਂ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਠੱਗ ਕਈ ਵਾਰ ਫੋਨ ਕਰਕੇ ਉਸ ਦਾ ਧਿਆਨ ਭਟਕਾਉਂਦੇ ਰਹੇ। ਫੋਨ ਡਿਸਕੁਨੈਕਟ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਦੰਗ ਰਹਿ ਗਿਆ ਜਦੋਂ ਉਸ ਦੇ ਫ਼ੋਨ ‘ਤੇ 50 ਲੱਖ ਰੁਪਏ ਦਾ RTGS ਦਾ ਮੈਸੇਜ ਆਇਆ।

ਪੁਲਿਸ ਨੇ ਇਸ ਮਾਮਲੇ ‘ਚ ਝਾਰਖੰਡ ਦੇ ਜਾਮਤਾਰਾ ਦੇ ਜੁੜੇ ਹੋਣ ਦਾ ਖਦਸ਼ਾ ਜਤਾਇਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਹੁਣ ਸਾਈਬਰ ਠੱਗ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ। ਸਿਮ ਐਕਟੀਵੇਸ਼ਨ ਦੇ ਨਾਂ ‘ਤੇ ਕਾਲ ਕਰਕੇ ਅਜਿਹਾ ਕੰਟਰੋਲ ਐਕਟੀਵੇਟ ਕਰਦੇ ਹਨ ਕਿ ਫੋਨ ਦਾ ਸਾਰਾ ਕੰਟਰੋਲ ਉਨ੍ਹਾਂ ਕੋਲ ਚਲਾ ਜਾਂਦਾ ਹੈ ਅਤੇ ਫਿਰ ਕਾਲ ਡਾਇਵਰਟ ਕਰਕੇ ਖਾਤੇ ‘ਚੋਂ ਪੈਸੇ ਕਢਵਾ ਲੈਂਦੇ ਹਨ ਅਤੇ ਇਹ ਜਾਣਕਾਰੀ ਵੀ ਫੋਨ ਕੱਟਣ ‘ਤੇ ਹੀ ਮਿਲਦੀ ਹੈ।

ਪੁਲਿਸ ਨੇ ਕਿਹਾ ਕਿ RTGS ਰਾਹੀਂ ਵੱਖ-ਵੱਖ ਖਾਤਿਆਂ ਵਿਚ ਪੈਸੇ ਭੇਜੇ ਗਏ ਹਨ। ਭਾਸਕਰ ਮੰਡਲ ਨਾਂ ਦੇ ਵਿਅਕਤੀ ਦੇ ਖਾਤੇ ‘ਚ 12 ਲੱਖ ਰੁਪਏ, ਅਵਿਜੀਤ ਗਿਰੀ ਦੇ 5 ਲੱਖ ਰੁਪਏ ਅਤੇ ਕਈ ਹੋਰ ਖਾਤਿਆਂ ‘ਚ 10-10 ਲੱਖ ਰੁਪਏ ਭੇਜੇ ਗਏ ਹਨ। ਪੁਲਿਸ ਵੱਲੋਂ ਸਾਰੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।