ਮੋਹਾਲੀ ਦੇ 5 ਹੋਰ ਮਰੀਜ਼ਾਂ ਨੇ ਕੋਰੋਨਾ ਵਾਇਰਸ ਤੋਂ ਜਿੱਤੀ ਜੰਗ

    0
    891

    ਚੰਡੀਗੜ੍ਹ . ਮੋਹਾਲੀ ਜ਼ਿਲ੍ਹੇ ਵਿਚੋਂ ਲਗਾਤਾਰ ਦੋ ਚੰਗੀਆਂ ਖ਼ਬਰਾਂ ਆਈਆਂ ਹਨ। ਜ਼ਿਲ੍ਹੇ ਦੇ ਪੰਜ ਹੋਰ ਮਰੀਜ਼ ਸੋਮਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 27 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ ਵਿਚੋਂ ਦੋ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਦਕਿ ਦੋ ਮੋਹਾਲੀ ਸ਼ਹਿਰ ਤੇ ਇਕ ਮੁੰਡੀ ਖਰੜ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿਚੋਂ ਸੋਮਵਾਰ ਨੂੰ ਛੁੱਟੀ ਦੇ ਦਿਤੀ ਗਈ। ਜ਼ਿਲ੍ਹੇ ਵਿਚ ਹੁਣ ਤਕ ਪੀੜਤਾਂ ਦੀ ਕੁਲ ਗਿਣਤੀ 63 ਹੈ, ਜਦਕਿ ਐਕਵਿਟ ਕੇਸਾਂ ਦੀ ਗਿਣਤੀ 34 ਰਹਿ ਗਈ ਹੈ। ਜ਼ਿਲ੍ਹੇ ਵਿਚ 22 ਅਪ੍ਰੈਲ ਮਗਰੋਂ ਲਾਗ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਡਾ. ਮਨਜੀਤ ਸਿੰਘ ਮੁਤਾਬਕ ਪਿੰਡ ਜਵਾਹਰਪੁਰ ਨਾਲ ਸਬੰਧਤ ਕੁਲ 15 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ।  ਜਵਾਹਰਪੁਰ ਨਾਲ ਸਬੰਧਤ ਪੰਜ ਮਰੀਜ਼ 21 ਅਪ੍ਰੈਲ ਅਤੇ 8 ਮਰੀਜ਼ 26 ਅਪ੍ਰੈਲ ਨੂੰ ਠੀਕ ਹੋ ਗਏ ਸਨ ਜਿਹੜੇ ਇਸ ਵੇਲੇ ‘ਇਕਾਂਤਵਾਸ ਕੇਂਦਰ’ ਵਿਚ ਰਹਿ ਰਹੇ ਹਨ।
    ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਠੀਕ ਹੋਣ ਵਾਲੇ ਪੰਜਾਂ ਮਰੀਜ਼ਾਂ ਵਿਚੋਂ ਜਵਾਹਰਪੁਰ ਨਾਲ ਸਬੰਧਤ ਦੋ ਮਰੀਜ਼ਾਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 ਵਿਚ ਬਣਾਏ ਗਏ ਜ਼ਿਲ੍ਹਾ ਪੱਧਰੀ ‘ਇਕਾਂਤਵਾਸ ਕੇਂਦਰ’ ਵਿਚ ਰੱਖਿਆ ਜਾਵੇਗਾ, ਜਦਕਿ ਬਾਕੀ ਤਿੰਨਾਂ ਨੂੰ ਘਰ ਭੇਜ ਦਿਤਾ ਗਿਆ ਹੈ ਜਿਥੇ ਉਨ੍ਹਾਂ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਉਨ੍ਹਾਂ ਦਸਿਆ ਕਿ ਘਰ ਭੇਜੇ ਗਏ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।