ਦਿੱਲੀ| ਦਿੱਲੀ ਦੇ ਪ੍ਰਗਤੀ ਮੈਦਾਨ ਟਨਲ ਵਿੱਚ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ 24 ਜੂਨ ਨੂੰ ਦਿਨ ਦਿਹਾੜੇ ਇੱਕ ਡਿਲੀਵਰੀ ਏਜੇਂਟ ਤੋਂ ਬੰਦੂਕ ਦੀ ਨੋਕ ਤੇ 2 ਲੱਖ ਰੁਪਏ ਲੁੱਟੇ ਸਨ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਬਦਮਾਸ਼ਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਬਾਈਕ ਤੋਂ ਲੀਡ ਮਿਲੀ, ਜਿਸ ਤੋਂ ਬਾਅਦ ਇਨ੍ਹਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ।

ਪੁਲਿਸ ਸੂਤਰਾਂ ਅਨੁਸਾਰ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਂਡ ਆਪਣੇ ਸਾਥੀਆਂ ਸਮੇਤ ਬੁਰਾੜੀ ਇਲਾਕੇ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਿਹਾ ਸੀ। ਡਕੈਤੀ ਤੋਂ ਠੀਕ 1 ਦਿਨ ਪਹਿਲਾਂ ਸਾਰੇ ਮੁਲਜ਼ਮ ਉਸ ਕਮਰੇ ਵਿੱਚ ਸ਼ਰਾਬ ਦੀ ਪਾਰਟੀ ਕਰ ਰਹੇ ਸਨ। ਪਾਰਟੀ ਦੌਰਾਨ ਕਿਸੇ ਨੇ ਅਚਾਨਕ ਗੋਲੀ ਚਲਾ ਦਿੱਤੀ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੌਰਾਨ ਮੁਲਜ਼ਮ ਉਸੇ ਬਾਈਕ ਤੋਂ ਆਏ ਸਨ, ਜਿਸ ਦੀ ਵਰਤੋਂ ਉਨ੍ਹਾਂ ਨੇ ਪ੍ਰਗਤੀ ਮੈਦਾਨ ਟਨਲ ਵਿੱਚ ਲੁੱਟ ਦੀ ਵਾਰਦਾਤ ਲਈ ਕੀਤੀ ਸੀ।

ਮੁਲਜ਼ਮ ਦੇ ਸਾਥੀ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਕੇ ਵਾਪਸ ਚਲੇ ਗਏ। ਲੁੱਟ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੁਰਾੜੀ ਥਾਣੇ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਨੇ ਲੁਟੇਰਿਆਂ ਦੀ ਬਾਈਕ ਨੂੰ ਪਛਾਣ ਲਿਆ। ਜਿਸ ਤੋਂ ਬਾਅਦ ਹਸਪਤਾਲ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇਸ ਵਿੱਚ ਬਾਈਕ ਦੀ ਪਛਾਣ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਹਸਪਤਾਲ ‘ਚ ਦਾਖਲ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਪ੍ਰਗਤੀ ਮੈਦਾਨ ਟਨਲ ਲੁੱਟ ਦੀ ਵਾਰਦਾਤ ‘ਚ ਆਪਣੇ ਸਾਥੀਆਂ ਦੀ ਸ਼ਮੂਲੀਅਤ ਦੀ ਗੱਲ ਕਬੂਲੀ।

ਪੀੜਤ ਸਾਜਨ ਕੁਮਾਰ ਪਟੇਲ ਚਾਂਦਨੀ ਚੌਕ ਦੇ ਓਮੀਆ ਇੰਟਰਪ੍ਰਾਈਜ਼ਜ਼ ‘ਚ ਡਿਲੀਵਰੀ ਏਜੰਟ ਦਾ ਕੰਮ ਕਰਦਾ ਹੈ। 24 ਜੂਨ ਨੂੰ ਉਹ ਆਪਣੇ ਸਾਥੀ ਜਿਗਰ ਪਟੇਲ ਨਾਲ ਚਾਂਦਨੀ ਚੌਕ ਤੋਂ ਗੁਰੂਗ੍ਰਾਮ ਲਈ ਰਵਾਨਾ ਹੋਇਆ ਸੀ। ਉਸ ਕੋਲ ਪੈਸਿਆਂ ਨਾਲ ਭਰਿਆ ਬੈਗ ਸੀ। ਦੋਵਾਂ ਨੇ ਲਾਲ ਕਿਲੇ ਤੋਂ ਇੱਕ ਕੈਬ ਬੁੱਕ ਕੀਤੀ ਅਤੇ ਪ੍ਰਗਤੀ ਮੈਦਾਨ ਟਨਲ ਵਿੱਚ ਦਾਖਲ ਹੋਏ। ਇਸ ਦੌਰਾਨ ਦੋ ਮੋਟਰਸਾਈਕਲ ‘ਤੇ ਸਵਾਰ 4 ਬਦਮਾਸ਼ਾਂ ਨੇ ਪਿਸਤੌਲ ਦਿਖਾ ਕੇ ਕੈਬ ਨੂੰ ਰੋਕ ਲਿਆ ਅਤੇ ਬੈਗ ਲੁੱਟ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਸਾਜਨ ਕੁਮਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।