ਤਰਨਤਾਰਨ, 23 ਨਵੰਬਰ | ਸ਼ਹਿਰ ‘ਚ ਤਿੰਨ ਵਿਅਕਤੀ ਫਰਜ਼ੀ ਪੁਲਿਸ ਵਾਲੇ ਬਣ ਕੇ ਇਕ ਘਰ ‘ਚ ਦਾਖਲ ਹੋਏ। ਕਿਸੇ ਪੁਰਾਣੇ ਮਾਮਲੇ ਦਾ ਹਵਾਲਾ ਦੇ ਕੇ ਤਿੰਨੋਂ ਘਰ ਦੀ ਤਲਾਸ਼ੀ ਲੈਣ ਦੀ ਗੱਲ ਕਰਨ ਲੱਗੇ ਪਰ ਜਦੋਂ ਔਰਤ ਅਤੇ ਉਸ ਦੇ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਰੋਲਾ ਪਾ ਦਿੱਤਾ। ਇਹ ਦੇਖ ਕੇ ਤਿੰਨੇ ਫਰਜ਼ੀ ਮੁਲਾਜ਼ਮ ਉਥੋਂ ਭੱਜ ਗਏ।

ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਇੱਕ ਦੋਸ਼ੀ ਨੂੰ ਫੜ ਲਿਆ, ਜਦਕਿ ਉਸ ਦੇ ਦੋ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਉਕਤ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਇਹ ਘਟਨਾ ਤਰਨਤਾਰਨ ਦੇ ਮੁਹੱਲਾ ਨੂਰਦੀ ਅੱਡਾ ਦੀ ਹੈ। ਫਿਲਹਾਲ ਥਾਣਾ ਸਿਟੀ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੂਰਦੀ ਅੱਡਾ ਵਾਸੀ ਸੋਨੂੰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ। ਸਵੇਰੇ ਤਿੰਨ ਵਿਅਕਤੀ ਘਰ ਵਿਚ ਦਾਖਲ ਹੋਏ। ਜਿੰਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ, ਜਦੋਂ ਕਿ ਇੱਕ ਸਿਵਲੀਅਨ ਕੱਪੜਿਆਂ ਵਿਚ ਸੀ। ਤਿੰਨੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਘਰ ਦੇ ਅੰਦਰ ਵੜ ਗਏ। ਉਹ ਉਨ੍ਹਾਂ ਨੂੰ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਘਰ ਦੀ ਤਲਾਸ਼ੀ ਲੈਣੀ ਹੈ।

ਤਿੰਨਾਂ ਨੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵੀ ਲੈ ਲਏ ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਅਸੀਂ ਉਨ੍ਹਾਂ ਨੂੰ ਦੱਸਿਆ ਕਿ  ਉਨ੍ਹਾਂ ਦੀ ਸੀਸੀਟੀਵੀ ਕੈਮਰੇ ਵਿਚ ਵੀਡੀਓ ਵਿਚ ਕੈਦ ਹੋ ਗਈ, ਜਿਸ ਕਾਰਨ ਤਿੰਨੋਂ ਡਰ ਗਏ ਅਤੇ ਬਾਹਰ ਭੱਜਣ ਲੱਗੇ। ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤਾਂ ਤਿੰਨੋਂ ਘਰੋਂ ਭੱਜ ਗਏ ਪਰ ਉਨ੍ਹਾਂ ਨੇ ਉਕਤ ਵਿਅਕਤੀਆਂ ਦਾ ਪਿੱਛਾ ਕੀਤਾ, ਉਨ੍ਹਾਂ ‘ਚੋਂ ਇਕ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਉਕਤ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਡੀਐਸਪੀ ਕਮਲਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)