ਪਟਿਆਲਾ | ਜ਼ਿਲਾ ਫਤਹਿਗੜ੍ਹ ਸਾਹਿਬ ਦੇ ਪਿੰਡ ਗੁਣੀਆ ਮਾਜਰਾ ਵਿਖੇ ਦਰਦਨਾਕ ਸੜਕ ਹਾਦਸਾ ਵਾਪਰਿਆ। ਸਰਹਿੰਦ-ਪਟਿਆਲਾ ਮਾਰਗ ’ਤੇ ਪਿੰਡ ਗੁਣੀਆ ਮਾਜਰਾ ਨੇੜੇ ਹੋਏ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ। 

ਹਾਦਸਾ ਉਸ ਸਮੇਂ ਹੋਇਆ, ਜਦੋਂ ਤੇਜ਼ ਰਫ਼ਤਾਰ ਮੋਟਰਸਾਈਕਲ ਬੱਸ ਹੇਠਾਂ ਜਾ ਵੜਿਆ, ਜਿਸ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ, ਜਿਸ ‘ਤੇ ਸਰਹਿੰਦ ਅਤੇ ਪਟਿਆਲਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ਕਿਲ ਨਾਲ ਕਾਬੂ ਪਾਇਆ। ਹਾਦਸੇ ਵਿੱਚ ਬੱਸ ਸਵਾਰ ਵਾਲ-ਵਾਲ ਬਚ ਗਏ।

ਜਾਣਕਾਰੀ ਅਨੁਸਾਰ ਪਟਿਆਲਾ ਜਾ ਰਹੀ ਖੱਟੜਾ ਹਾਈਵੇ ਦੀ ਬੱਸ ਨੰਬਰ ਪੀਬੀ 11 ਬੀਆਰ 1125 ਦਾ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਸ਼ਾਮ 7.30 ਵਜੇ ਸਰਹਿੰਦ ਦੇ ਪਿੰਡ ਗੁਣੀਆ ਮਾਜਰਾ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ‘ਤੇ ਸਵਾਰ 2 ਵਿਅਕਤੀਆਂ ਨੂੰ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ। 

ਤੇਜ਼ ਰਫ਼ਤਾਰ ਕਾਰਨ ਡਰਾਈਵਰ ਬੱਸ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਬੱਸ ਮੋਟਰਸਾਈਕਲ ਸਵਾਰਾਂ ਨੂੰ ਦੂਰ ਤੱਕ ਘਸੀਟਦੀ ਲੈ ਗਈ। ਮੋਟਰਸਾਈਕਲ ਬੱਸ ਦੇ ਹੇਠਾਂ ਫਸ ਗਿਆ, ਜਿਸ ਕਾਰਨ ਮੋਟਰਸਾਈਕਲ ਦਾ ਟੈਂਕ ਲੀਕ ਹੋ ਗਿਆ। ਟੈਂਕ ‘ਚੋਂ ਪੈਟਰੋਲ ਸੜਕ ‘ਤੇ ਡਿੱਗ ਗਿਆ ਅਤੇ ਮੋਟਰਸਾਈਕਲ ‘ਚੋਂ ਨਿਕਲਦੀਆਂ ਚੰਗਿਆੜੀਆਂ ਕਾਰਨ ਬੱਸ ਨੂੰ ਅੱਗ ਲੱਗ ਗਈ। 

ਬੱਸ ਵਿੱਚ ਅੱਗ ਦੀਆਂ ਲਪਟਾਂ ਦੇਖ ਕੇ ਯਾਤਰੀਆਂ ਵਿੱਚ ਚੀਕ-ਚਿਹਾੜਾ ਮਚ ਗਿਆ। ਰਾਹਗੀਰਾਂ ਨੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਮੌਕੇ ਤੋਂ ਮਿਲੇ ਸ਼ਨਾਖਤੀ ਕਾਰਡਾਂ ਅਨੁਸਾਰ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਅਤੇ ਮਿਥੁਨ ਕੁਮਾਰ ਵਾਸੀ ਅਜਨਾਲੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। 

ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਦੂਜੇ ਦੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਂਦੇ ਸਮੇਂ ਰਸਤੇ ‘ਚ ਹੀ ਮੌਤ ਹੋ ਗਈ। ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਬੱਸ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਬੱਸ ਜ਼ਬਤ ਕਰ ਲਈ ਗਈ ਹੈ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)