ਨਵਾਸ਼ਹਿਰ ਤੋਂ 18 ਤੇ ਬਠਿੰਡਾ ਤੋਂ 2 ਹੋਰ ਨਵੇਂ ਮਾਮਲੇ ਆਏ ਸਾਹਮਣੇ, ਸੂਬੇ ‘ਚ ਗਿਣਤੀ ਹੋਈ 1717

  0
  601

  ਚੰਡੀਗੜ੍ਹ . ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਬੀਤੀ ਰਾਤ ਦੋ ਜ਼ਿਲ੍ਹਿਆਂ ਦੇ 20 ਹੋਰ ਵਿਅਕਤੀ ਕੋਰੋਨਾ ਪੌਜ਼ੀਟਿਵ ਪਾਏ ਗਏ। ਬਠਿੰਡਾ ਜ਼ਿਲ੍ਹੇ ਵਿੱਚ 2 ਜਦਕਿ ਸ਼ਹੀਦ ਭਗਤ ਸਿੰਘ ਨਗਰ ਤੋਂ 18 ਰਿਪੋਰਟਾਂ ਪੌਜ਼ੀਟਿਵ ਆਈਆਂ ਹਨ। ਨਵੇਂ ਮਾਮਲਿਆਂ ਵਿੱਚ ਜ਼ਿਆਦਾਤਰ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਪਰ ਨਵਾਂ ਸ਼ਹਿਰ ਵਿੱਚ ਵੱਡੀ ਗਿਣਤੀ ਬਾਹਰੋਂ ਆਏ ਵਿਅਕਤੀਆਂ ਦੀ ਵੀ ਹੈ, ਜਿਸ ਨੇ ਪ੍ਰਸਾਸ਼ਨ ਦੀ ਸਿਰਦਰਦੀ ਹੋਰ ਵੀ ਵਧਾ ਦਿੱਤੀ ਹੈ।

  ਬਠਿੰਡਾ ਵਿੱਚ ਜੈਸਲਮੇਰ ਤੋਂ ਪਰਤੇ ਵਿਅਕਤੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਉਹ ਪਹਿਲਾਂ ਤੋਂ ਹੀ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਹੋਇਆ ਸੀ। ਦੂਜਾ ਮਾਮਲਾ ਸ਼ਹਿਰ ਦੇ ਊਧਮ ਸਿੰਘ ਨਗਰ ਤੋਂ ਹੈ। ਦੋਵਾਂ ਦਾ ਇਲਾਜ ਜਾਰੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤਕ ਕੁੱਲ 41 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਧਰ, ਸ਼ਹੀਦ ਭਗਤ ਸਿੰਘ ਨਗਰ ਯਾਨੀ ਕਿ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਦੇਰ ਰਾਤ ਆਏ ਕੋਵਿਡ-19 ਨਮੂਨਿਆਂ ਵਿੱਚੋਂ 18 ਹੋਰ ਕੇਸ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 10 ਕੇਸ ਨੰਦੇੜ ਤੋਂ ਪਰਤੇ ਇਕਾਂਤਵਾਸ ਕੀਤੇ ਵਿਅਕਤੀਆਂ ਨਾਲ ਸਬੰਧਿਤ ਹਨ ਜਦਕਿ ਬਾਕੀ 8 ਮਾਮਲੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਬਾਹਰੋਂ ਆਏ ਵਿਅਕਤੀ ਹਨ।

  ਉਕਤ ਮਾਮਲੇ ਜ਼ਿਲ੍ਹੇ ਦੇ ਪਿੰਡ ਗਰਚਾ, ਭੌਰਾ, ਕਮਾਮ, ਗੁਣਾਚੌਰ, ਮਾਹੀਪੁਰ, ਮੰਗੂਪੁਰ, ਸ਼ਕਤੀ ਨਗਰ (ਬੰਗਾ) ਤੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਨਾਲ ਸਬੰਧਤ ਹਨ। ਇਨ੍ਹਾਂ ਅੱਠ ਵਿਅਕਤੀਆਂ ਦੀ ਟਰੈਵਲ ਹਿਸਟਰੀ ਹੋਣ ਕਾਰਨ ਇਨ੍ਹਾਂ ਦੇ ਨਮੂਨੇ ਸਾਵਧਾਨੀ ਵਜੋਂ ਹੀ ਲਏ ਗਏ ਸਨ। ਮਾਛੀਵਾੜਾ ਨਾਲ ਸਬੰਧਤ ਵਿਅਕਤੀ ਨਵਾਂ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਆਪਣੇ ਨੱਕ ਦਾ ਆਪ੍ਰੇਸ਼ਨ ਵਾਸਤੇ ਆਇਆ ਸੀ, ਜਿਸ ਨੂੰ ਹਸਪਤਾਲ ਨੇ ਪਹਿਲਾਂ ਆਪਣਾ ਟੈਸਟ ਕਰਵਾਉਣ ਲਈ ਸਿਵਿਲ ਹਸਪਤਾਲ ਭੇਜਿਆ ਸੀ।

  ਨੰਦੇੜ ਤੋਂ ਆਏ ਵਿਅਕਤੀਆਂ ਵਿੱਚੋਂ 8 ਰੈਲ ਮਾਜਰਾ ਇਕਾਂਤਵਾਸ ਕੇਂਦਰ ਨਾਲ ਸਬੰਧਤ ਹਨ ਜਦਕਿ 2 ਬਹਿਰਾਮ ਇਕਾਂਤਵਾਸ ਕੇਂਦਰ ਨਾਲ ਸਬੰਧਤ ਹਨ। ਇਨ੍ਹਾਂ ਨਵੇਂ ਕੇਸਾਂ ਦੇ ਆਉਣ ਨਾਲ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 85 ਹੋ ਗਈ ਹੈ ਜਦਕਿ ਕੁੱਲ ਮਾਮਲੇ 104 ਤਕ ਪਹੁੰਚ ਗਏ ਹਨ।