ਦੱਖਣੀ ਕੋਰੀਆ| ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਭਗਦੜ ਦੌਰਾਨ 151 ਲੋਕਾਂ ਦੀ ਮੌਤ ਦੇ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਦੇਖਿਆ ਗਿਆ ਕਿ ਭਗਦੜ ਤੋਂ ਬਾਅਦ ਵੀ ਕਈ ਲੋਕ ਮਸਤੀ ਕਰਦੇ ਰਹੇ। ਇਸ ਦੇ ਨਾਲ ਹੀ ਸੜਕ ਇੰਨੀ ਤੰਗ ਸੀ ਕਿ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚ ਸਕੀ। ਅਜਿਹੇ ‘ਚ ਡਾਕਟਰ ਮੌਕੇ ‘ਤੇ ਹੀ ਲੋਕਾਂ ਨੂੰ ਸੀ.ਪੀ.ਆਰ. ਦੇਣ ਲਗੇ।

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਭਗਦੜ ਕਾਰਨ ਹੁਣ ਤੱਕ 151 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਓਲ ਦੇ ਨਾਈਟ ਲਾਈਫ ਖੇਤਰ ਦੀਆਂ ਤੰਗ ਗਲੀਆਂ ਤੋਂ ਲਗਾਤਾਰ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਲੋਕਾਂ ਦੀ ਉਮਰ 20 ਸਾਲ ਦੇ ਕਰੀਬ ਸੀ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਹਾਦਸੇ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੁਨੀਆ ਭਰ ਦੇ ਦੇਸ਼ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰ ਰਹੇ ਹਨ। ਇਸ ਦੇ ਨਾਲ ਹੀ ਦੱਖਣੀ ਕੋਰੀਆ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਸ ਕਾਰਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।

ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਜਿਸ ਗਲੀ ‘ਚ ਭਗਦੜ ਹੋਈ ਸੀ, ਉਹ ਸਿਰਫ ਚਾਰ ਮੀਟਰ ਚੌੜੀ ਸੀ, ਉਥੇ ਕਿਸੇ ਕੋਰੀਅਨ ਸੈਲਬਰੀਟੀ ਨੂੰ ਦੇਖਿਆ ਗਿਆ ਸੀ, ਜਿਸ ਕਾਰਨ ਉਥੇ ਪੀੜ ਹੋਰ ਜ਼ਿਆਦਾ ਵਧ ਗਈ, ਜਿਥੇ ਭਗਦੜ ਮਚੀ ਉਹ ਜਗ੍ਹਾ ਇੰਨੀ ਛੋਟੀ ਹੈ ਕਿ ਇੱਕ ਸੇਡਾਨ ਕਾਰ ਵੀ ਇਸ ਵਿੱਚ ਫਿੱਟ ਨਹੀਂ ਹੋ ਸਕਦੀ।ਭਗਦੜ ਦੌਰਾਨ ਲੋਕ ਇੱਕ ਦੂਜੇ ਨੂੰ ਧੱਕੇ ਮਾਰਨ ਲੱਗੇ। ਇਸ ਕਾਰਨ ਲੋਕ ਇੱਕ ਦੂਜੇ ‘ਤੇ ਡਿੱਗਣ ਲੱਗੇ। ਜਿਵੇਂ ਹੀ ਭਗਦੜ ਮੱਚੀ, ਲੋਕਾਂ ਦੀ ਹਾਲਤ ਵਿਗੜਨ ਲੱਗੀ। ਇਸ ਦੌਰਾਨ ਕਈ ਲੋਕਾਂ ਨੇ ਸੰਕੇਤ ਦਿੱਤਾ ਕਿ ਉਹ ਦਮ ਘੁੱਟਣ ਅਤੇ ਦਿਲ ਦਾ ਦੌਰਾ ਪੈਣ ਤੋਂ ਪੀੜਤ ਸਨ। ਭੀੜ ਕਾਰਨ ਐਂਬੂਲੈਂਸ ਪੀੜਤਾਂ ਤੱਕ ਨਹੀਂ ਪਹੁੰਚ ਸਕੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਕਾਰਾਂ ਦੀ ਛੱਤ ’ਤੇ ਖੜ੍ਹੇ ਹੋ ਕੇ ਭੀੜ ਨੂੰ ਰਸਤਾ ਛੱਡਣ ਦੀ ਹਦਾਇਤ ਕੀਤੀ ਤਾਂ ਜੋ ਐਂਬੂਲੈਂਸ ਲਈ ਰਸਤਾ ਬਣਾਇਆ ਜਾ ਸਕੇ।