ਜਲੰਧਰ. ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ 23 ਮਾਰਚ ਤੋਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਸ਼ਹਿਰ ਵਿੱਚ ਹੁਣ ਤੱਕ 13562 ਟਰੈਫਿਕ ਚਲਾਨ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਤੋਂ ਜ਼ਿਲ੍ਹੇ ਵਿੱਚ ਕਰਫ਼ਿਊ ਲਗਾਇਆ ਗਿਆ ਹੈ, ਕਮਿਸ਼ਨਰੇਟ ਪੁਲਿਸ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾਕ ਕਰਨ ਵਾਲਿਆਂ ਦੇ ਕਰੀਬ 13562 ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਦੇ ਨਾਲ ਹੀ ਪੁਲਿਸ ਵਲੋਂ 1215 ਵਾਹਨ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਕਾਰਨ ਘੁੰਮਦੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਾਸਕ ਨਾ ਪਹਿਨਣ ਵਾਲੇ ਲੋਕਾਂ ਖਿਲਾਫ਼ 183 ਲੋਕਾਂ ਸਮੇਤ ਕੁੱਲ 603 ਐਫ.ਆਈ.ਆਰ ਦਰਜ਼ ਕਰਨ ਦੇ ਨਾਲ-ਨਾਲ 767 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਫ਼ਿਊ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਉਣ ਲਈ ਲਗਾਇਆ ਗਿਆ ਹੈ।