ਜਲੰਧਰ, 20 ਅਕਤੂਬਰ | ਵੀਰਵਾਰ ਨੂੰ ਜਲੰਧਰ ਦੇ ਟਾਵਰ ਇਨਕਲੇਵ ਫੇਜ਼-3 ‘ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਨੌਜਵਾਨ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਨੂੰ 7 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਨੌਜਵਾਨ ਦਾ ਪਿਤਾ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ, ਜਿਸ ਕਾਰਨ ਉਸ ਕੋਲ ਇਕ 12 ਬੋਰ ਦੀ ਬੰਦੂਕ ਅਤੇ ਇਕ ਹੋਰ ਸਿੰਗਲ ਬੈਰਲ ਬੰਦੂਕ ਸੀ।

SSP ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਸਮੇਂ ਮੁਲਜ਼ਮ ਦੀ ਪਤਨੀ ਆਪਣੇ ਬੱਚਿਆਂ ਨਾਲ ਪੇਕੇ ਗਈ ਹੋਈ ਸੀ ਪਰ ਪਰਿਵਾਰਕ ਮੈਂਬਰਾਂ ਅਨੁਸਾਰ ਮੁਲਜ਼ਮ ਨੇ ਉਸ ਦੀ ਪਤਨੀ ਕਾਰਨ ਹੀ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਪੁਲਿਸ ਜਲਦ ਹੀ ਇਸ ਮਾਮਲੇ ‘ਚ ਮੁਲਜ਼ਮ ਦੀ ਪਤਨੀ ਤੋਂ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਮੁਲਜ਼ਮ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਿਤਾ ਨੇ ਉਸਦੀ ਪਤਨੀ ‘ਤੇ ਬੁਰੀ ਨਜ਼ਰ ਰੱਖੀ ਹੋਈ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮਾਂ ਅਤੇ ਭਰਾ ਨੇ ਵੀ ਉਸਦਾ ਸਾਥ ਦਿੱਤਾ।

ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਿਆ ਹੈ। ਰਿਪੋਰਟ ਤੋਂ ਪਤਾ ਲੱਗੇਗਾ ਕਿ ਉਕਤ ਮੁਲਜ਼ਮਾਂ ਵੱਲੋਂ ਤਿੰਨਾਂ ‘ਤੇ ਕਿੰਨੇ ਰਾਊਂਡ ਫਾਇਰ ਕੀਤੇ ਗਏ। ਐਸਐਸਪੀ ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਕੁੱਲ 7 ਗੋਲੀਆਂ ਚਲਾਈਆਂ ਹਨ। ਮੁਲਜ਼ਮ ਹਰਪ੍ਰੀਤ ਸਿੰਘ ਉਤੇ ਲਾਂਬੜਾ ਥਾਣੇ ਦੀ ਪੁਲਿਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਕਰਤਾਰਪੁਰ ਦੇ ਡੀਐਸਪੀ ਬਲਬੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਰਪ੍ਰੀਤ ਨੇ ਰਾਤ ਕਰੀਬ 2.30 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਹ ਇਕ ਕਾਮੇਡੀ ਫਿਲਮ ਦੇਖਣ ਲਈ ਥੀਏਟਰ ਗਿਆ। ਇਸ ਤੋਂ ਬਾਅਦ ਉਸ ਨੇ ਲਾਂਬੜਾ ਥਾਣੇ ਆ ਕੇ ਆਤਮ ਸਮਰਪਣ ਕਰ ਦਿੱਤਾ। ਉਸ ਨੇ ਪੁਲਿਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ।

ਮ੍ਰਿਤਕ ਜਗਬੀਰ ਦੇ ਭਰਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹਰਪ੍ਰੀਤ ਸਿੰਘ ਦਾ ਕਾਫੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹ ਅਕਸਰ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਸੀ। ਕਿਸੇ ਨੂੰ ਕੋਈ ਖਦਸ਼ਾ ਨਹੀਂ ਸੀ ਕਿ ਮਾਮਲਾ ਇਸ ਹੱਦ ਤੱਕ ਵਧ ਜਾਵੇਗਾ। ਉਹ ਘਰ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਹ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਵੱਖ ਰਹਿੰਦਾ ਸੀ।