ਚੰਡੀਗੜ੍ਹ| ਪੰਜਾਬ ’ਚ ਮਾਨਸੂਨ (Monsoon in Punjab) ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ ਸੋਮਵਾਰ ਸਵੇਰੇ ਮੌਨਸੂਨ ਦੇ ਆਉਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਅਜੇ ਫਿਰੋਜ਼ਪੁਰ ’ਚ ਹੀ ਮੌਨਸੂਨ ਪੁੱਜਾ ਹੈ। ਮੌਸਮ ਵਿਭਾਗ ਦੇ ਵਿਗਿਆਨੀ ਡਾ. ਏਕੇ ਸਿੰਘ ਮੁਤਾਬਕ ਮੌਨਸੂਨ ਰਾਜਸਥਾਨ ਤੋਂ ਹੁੰਦੇ ਹੋਏ ਪਹਿਲਾਂ ਹਰਿਆਣਾ ਆਇਆ ਤੇ ਫਿਰ ਇਹ ਪੰਜਾਬ ਦੇ ਵੈਸਟ ਪਾਰਟ ’ਚ ਦਾਖ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੌਨਸੂਨ ਦੇ ਮੁਤਾਬਕ ਹਾਲਾਤ ਬਣੇ ਹੋਏ ਹਨ, ਉਸ ਨੂੰ ਦੇਖਦਿਆਂ ਅਗਲੇ 48 ਘੰਟਿਆਂ ਦੌਰਾਨ ਮੌਨਸੂਨ ਪੂਰੇ ਸੂਬੇ ’ਚ ਛਾ ਜਾਵੇਗਾ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਬਾਰੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਓਧਰ ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਦੌਰਾਨ ਜੰਮ੍ਹ ਕੇ ਬਾਰਿਸ਼ ਹੋਈ।

ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਚੰਡੀਗੜ੍ਹ ’ਚ 41.8 ਮਿਲੀਮੀਟਰ, ਪਟਿਆਲਾ ’ਚ 0.6 ਮਿਲੀਮੀਟਰ, ਅੰਮ੍ਰਿਤਸਰ ’ਚ 9.9 ਮਿਲੀਮੀਟਰ, ਫਿਰੋਜ਼ਪੁਰ ’ਚ 4.2 ਮਿਲੀਮੀਟਰ, ਗੁਰਦਾਸਪੁਰ ’ਚ 26.5 ਮਿਲੀਮੀਟਰ, ਐੱਸਬੀਐੱਸ ਨਗਰ ’ਚ 2.1 ਮਿਲੀਮੀਟਰ ਤੇ ਰੋਪੜ ’ਚ 16.5 ਮਿਲੀਮੀਟਰ ਬਾਰਿਸ਼ ਹੋਈ।

ਡਾ. ਏਕੇ ਸਿੰਘ ਮੁਤਾਬਕ 30 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਤੋਂ ਮੱਧਮ ਤੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਚੇਤੇ ਰਹੇ ਕਿ ਇਸ ਸਾਲ ਮੌਨਸੂਨ ਨੇ ਪੰਜਾਬ ’ਚ ਚਾਰ ਦਿਨ ਪਹਿਲਾਂ ਦਸਤਕ ਦਿੱਤੀ ਹੈ। ਆਮ ਤੌਰ ’ਤੇ ਪੰਜਾਬ ’ਚ ਮੌਨਸੂਨ ਜੁਲਾਈ ਦੇ ਪਹਿਲੇ ਹਫ਼ਤੇ ’ਚ ਆਉਂਦਾ ਹੈ। ਹਾਲਾਂਕਿ ਪਿਛਲੇ ਸਾਲਾਂ ’ਚ ਜਿੰਨੀ ਵਾਰ ਵੀ ਮੌਨਸੂਨ ਸਮੇਂ ਤੋਂ ਪਹਿਲਾਂ ਪੰਜਾਬ ਉਦੋਂ ਬਾਰਿਸ਼ ਆਮ ਤੋਂ ਘੱਟ ਹੀ ਹੋਈ।