ਮੁੰਬਈ . ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਖ਼ੁਸ਼ ਹਨ ਕਿ ਉਨ੍ਹਾਂ ਦੀ ਫ਼ਿਲਮ ‘ਕਾਗਜ਼’ ਲੌਕਡਾਊਨ ਦਾ ਐਲਾਨ ਹੋਣ ਤੋਂ ਕਾਫ਼ੀ ਦੇਰ ਪਹਿਲਾਂ ਮੁਕੰਮਲ ਹੋ ਗਈ ਸੀ। ਸਤੀਸ਼ ਨੇ ਕਿਹਾ ਕਿ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਜਦ ਰਿਲੀਜ਼ ਹੋਵੇਗੀ ਤਾਂ ਦੇਖਣ ਵਾਲਿਆਂ ਨੂੰ ਬਿਨਾਂ ਸ਼ੱਕ ਪ੍ਰਭਾਵਿਤ ਕਰੇਗੀ। ‘ਕਾਗਜ਼’ ਆਜ਼ਮਗੜ੍ਹ ਦੇ ਭਾਰਤ ਲਾਲ ਉਰਫ਼ ਲਾਲ ਬਿਹਾਰੀ ਦੀ ਜ਼ਿੰਦਗੀ ’ਤੇ ਅਧਾਰਿਤ ਹੈ, ਜਿਸ ਨੇ ਆਪਣੇ ਆਪ ਨੂੰ ਜਿਊਂਦਾ ਸਾਬਿਤ ਕਰਨ ਲਈ ਹੀ 18 ਸਾਲ ਕਾਨੂੰਨੀ ਲੜਾਈ ਲੜੀ। ਫ਼ਿਲਮ ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੀ ਪੇਸ਼ਕਸ਼ ਹੈ। ਕੌਸ਼ਿਕ ਨੇ ਕਿਹਾ ਕਿ ਉਹ ਸਲਮਾਨ ਦਾ ਸ਼ੁਕਰੀਆ ਅਦਾ ਕਰਦੇ ਹਨ ਕਿ ਉਨ੍ਹਾਂ ਕਹਾਣੀ ਵਿਚ ਭਰੋਸਾ ਜਤਾਇਆ। ਸਤੀਸ਼ ਛੇ ਸਾਲਾਂ ਬਾਅਦ ਨਿਰਦੇਸ਼ਕ ਵਜੋਂ ਵਾਪਸੀ ਕਰ ਰਹੇ ਹਨ। ਨਿਰਦੇਸ਼ਕ ਨੇ ਕਿਹਾ ਕਿ ਜਦ ਉਹ ਸਲਮਾਨ ਨਾਲ ਮਾਲਟਾ ਵਿਚ ‘ਭਾਰਤ’ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਕਹਾਣੀ ਸੁਣਾਈ ਸੀ ਤੇ ਸਲਮਾਨ ਨੇ ਇਸ ਨੂੰ ਬਹੁਤ ਪਸੰਦ ਕੀਤਾ। ਸਤੀਸ਼ ਨੇ ਕਿਹਾ ਕਿ ‘ਤੇਰੇ ਨਾਮ’ ਵਾਂਗ ਸਲਮਾਨ ਤੇ ਉਨ੍ਹਾਂ ਦੀ ਇਸ ਭਾਈਵਾਲੀ ਨੂੰ ਵੀ ਲੋਕ ਯਾਦ ਰੱਖਣਗੇ। ਫ਼ਿਲਮ ਨੂੰ ਮਈ ’ਚ ਰਿਲੀਜ਼ ਕਰਨ ਦੀ ਯੋਜਨਾ ਸੀ, ਪਰ ਹੁਣ ਮੁੜ ਤੋਂ ਯੋਜਨਾਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰੀ ਦੇ ਖੇਤਰ ਵਿਚ ਤ੍ਰਿਪਾਠੀ ਦੇ ਜਲਵੇ ਬਾਰੇ ਤਾਂ ਸਾਰੇ ਜਾਣਦੇ ਹੀ ਹਨ।