ਅੰਮ੍ਰਿਤਸਰ। ਕਹਿੰਦੇ ਨੇ ਪਿਆਰ ਦੀ ਖ਼ਾਤਿਰ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ ਪਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਪਿਆਰ ਖ਼ਾਤਿਰ ਮੁੰਡਾ ਆਪਣਾ ਜੈਂਡਰ ਚੇਂਜ ਕਰਵਾ ਕੇ ਕੁੜੀ ਬਣੀ ਹੈ। ਇਹ ਮਾਮਲਾ ਅਜੀਬ ਲਗਦਾ ਹੈ ਪਰ ਇਹ ਬਿਲਕੁੱਲ ਸੱਚ ਹੈ। ਇਹ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਕਿ ਦੋ ਮੁੰਡਿਆਂ ਅਰਜੁਨ ਅਤੇ ਰਵੀ ਨੂੰ ਆਪਸ ‘ਚ ਪਿਆਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਇਕ ਮੁੰਡਾ ਰਵੀ ਆਪਣਾ ਜੈਂਡਰ ਬਦਲਵਾ ਕੇ ਕੁੜੀ ਰੀਆ ਜੱਟੀ ਬਣ ਜਾਂਦਾ ਹੈ। ਸਮਾਜ ਨੇ ਉਨ੍ਹਾਂ ਦੋਵਾਂ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ। 

11 ਮਹੀਨੇ ਤੱਕ ਲੜਾਈ ਦੇ ਬਾਅਦ ਦੋਵਾਂ ਪਤੀ-ਪਤਨੀ ‘ਚ ਸੁਲ੍ਹਾ ਹੁੰਦੀ ਹੈ। ਹੁਣ ਰੀਆ ਜੱਟੀ ਤੇ ਪਤੀ ਅਰਜੁਨ ਨੇ ਇਕ ਬੱਚੀ ਨੂੰ ਗੋਦ ਲਿਆ ਹੈ। ਜਿਸ ਦਾ ਨਾਮ ਉਨ੍ਹਾਂ ਨੇ ਅਨੰਨਿਆ ਰੱਖਿਆ ਹੈ। ਅਰਜੁਨ ਦੇ ਕੁਝ ਰਿਸ਼ਤੇਦਾਰ ਅਜੇ ਵੀ ਦੋਵਾਂ ਨੂੰ ਪਰੇਸ਼ਾਨ ਕਰਦੇ ਹਨ, ਜਿਸ ਦੀ ਦੋਵਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਜਲੰਧਰ ‘ਚ ਨੌਕਰੀ ਕਰਨ ਵਾਲੇ ਰਵੀ ਦੇ ਤਿੰਨ ਸਾਲ ਪਹਿਲਾਂ ਅਰਜੁਨ ਨਾਮਕ ਨੌਜਵਾਨ ਸੰਪਰਕ ਆਇਆ ਸੀ। ਇਸ ਦੌਰਾਨ ਦੋਵਾਂ ‘ਚ ਪਿਆਰ ਹੋ ਗਿਆ ਅਤੇ ਦੋਵਾਂ ‘ਚ ਸਬੰਧ ਵੀ ਬਣੇ ਸੀ। ਇਸ ਸਭ ਤੋਂ ਬਾਅਦ ਰਵੀ ਨੇ ਆਪਣਾ ਲਿੰਗ ਬਦਲਵਾ ਲਿਆ ਅਤੇ ਅਰਜੁਨ ਲਈ ਰੀਆ ਜੱਟੀ ਬਣ ਗਿਆ ਤਾਂ ਜੋ ਉਨ੍ਹਾਂ ਨੂੰ ਸਮਾਜ ‘ਚ ਰਹਿਣ ਦੀ ਕੋਈ ਦਿੱਕਤ ਨਾ ਆਵੇ ਪਰ ਅਰਜੁਨ ਨੇ ਰੀਆ ਜੱਟੀ ਨੂੰ ਅਪਣਾਉਣ ਤੋਂ ਇਨਕਾਰ ਕੀਤਾ ਸੀ, ਜਿਸ ਕਰਕੇ ਰੀਆ ਜੱਟੀ ਵੱਲੋਂ ਧੋਖਾਧੜੀ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸਨ।

ਹੁਣ 11 ਮਹੀਨੇ ਬਾਅਦ ਰੀਆ ਜੱਟੀ ਅਤੇ ਅਰਜੁਨ ਦੀ ਲੜਾਈ ਖ਼ਤਮ ਹੋ ਚੁੱਕੀ ਹੈ। ਅਰਜੁਨ ਨੇ ਰੀਆ ਜੱਟੀ ਨੂੰ ਅਪਣਾ ਲਿਆ ਅਤੇ ਉਨ੍ਹਾਂ ਵੱਲੋਂ ਇਕ ਛੋਟੀ ਬੱਚੀ ਨੂੰ ਵੀ ਗੋਦ ਲੈ ਲਿਆ ਗਿਆ ਹੈ, ਜਿਸ ਦਾ ਨਾਮ ਅਨੰਨਿਆ ਰੱਖਿਆ ਹੈ। ਰੀਆ ਜੱਟੀ ਨੇ ਦੱਸਿਆ ਕਿ ਉਨ੍ਹਾਂ ਦੀ ਭੂਆ ਅਤੇ ਹੋਰ ਰਿਸ਼ਤੇਦਾਰ ਅਕਸਰ ਹੀ ਉਸ ਨੂੰ ਤਾਅਨੇ ਮਿਹਣੇ ਮਾਰ ਕੇ ਪਰੇਸ਼ਾਨ ਕਰਦੇ ਹਨ ਅਤੇ ਉਸ ਨਾਲ ਮਾਰਕੁੱਟ ਵੀ ਕਰਦੇ ਹਨ। ਇਸ ਸਬੰਧ ‘ਚ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ  ਹੈ।